ਕਾਂਗਰਸ ਸਰਕਾਰ ਬਣਨ ’ਤੇ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਵਾਂਗੇ:ਕੰਗ
ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਪਿੰਡ ਫ਼ਤਹਿਪੁਰ-ਸਿਆਲਬਾ ਵਿਖੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਨਾਲ ਮੀਟਿੰਗ ਕਰਦਿਆਂ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਪਿੰਡ ਦੇ ਪਤਵੰਤਿਆਂ ਨੇ ਨਵੀਂ ਪੰਚਾਇਤਾਂ ਬਣਨ ਤੋਂ ਬਾਅਦ ਗਰਾਂਟ ਨਾ ਮਿਲਣ ਦਾ ਮਾਮਲਾ ਸ੍ਰੀ ਕੰਗ ਦੇ ਧਿਆਨ ਵਿੱਚ ਲਿਆਂਦਾ। ਸ੍ਰੀ ਕੰਗ ਨੇ ਕਾਂਗਰਸ ਸਰਕਾਰ ਆਉਣ ’ਤੇ ਪਿੰਡ ਦੇ ਸਰਬਪੱਖੀ ਵਿਕਾਸ ਦਾ ਭਰੋਸਾ ਦਿੱਤਾ।
ਪਿੰਡ ਵਾਸੀਆਂ ਤੇ ਪਤਵੰਤਿਆਂ ਨੇ ਸ੍ਰੀ ਕੰਗ ਦੇ ਧਿਆਨ ਵਿੱਚ ਲਿਆਂਦਾ ਕਿ ਪਿਛਲੇ ਕਈ ਸਾਲਾਂ ਤੋਂ ਵਿਕਾਸ ਦੇ ਕੰਮ ਪੂਰੀ ਤਰ੍ਹਾਂ ਠੱਪ ਪਏ ਹਨ। ਸਰਕਾਰ ਨੇ ਪਿੰਡ ਨੂੰ ਕੋਈ ਗਰਾਂਟ ਨਹੀਂ ਦਿੱਤੀ। ਪਿੰਡ ਵਾਸੀਆਂ ਨੇ ਇਲਾਕੇ ਦੀਆਂ ਕਈ ਸੜਕਾਂ ਤੋਂ ਇਲਾਵਾ ਚਟੌਲੀ-ਖਿਜ਼ਰਾਬਾਦ ਸੜਕ ਦਾ ਮਸਲਾ ਵੀ ਉਭਾਰਿਆ।
ਸਾਬਕਾ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਸ੍ਰੀ ਕੰਗ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ’ਤੇ ਪਹਿਲਾਂ ਵਾਂਗ ਹੀ ਹਲਕੇ ਦੇ ਪਿੰਡਾਂ ਦੇ ਵਿਕਾਸ ਦੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਮੌਕੇ ਰਾਣਾ ਰਣਧੀਰ ਸਿੰਘ, ਰਾਣਾ ਰਵਿੰਦਰ ਸਿੰਘ, ਜਸਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਰਾਣਾ ਤੇਜਪਾਲ ਸਿੰਘ ਆਦਿ ਹਾਜ਼ਰ ਸਨ।
