ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਨੇ ਪੁਤਲੇ ਫੂਕੇ
ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਫ਼ੈਸਲੇ ਮੁਤਾਬਕ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਿਵੀਜ਼ਨ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਵਿਭਾਗ ਦੇ ਦਫ਼ਤਰੀ ਤੇ ਫੀਲਡ ਮੁਲਾਜ਼ਮਾਂ ਨੇ ਪ੍ਰਧਾਨ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਲਖਵੀਰ ਸਿੰਘ ਭੱਟੀ, ਤਰਲੋਚਨ ਸਿੰਘ, ਸੁਖਜਿੰਦਰ ਸਿੰਘ ਚਨਾਰਥਲ, ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਡਿਵੀਜ਼ਨ ਦਫ਼ਤਰ ਵਿੱਚ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਮਲਾਗਰ ਸਿੰਘ ਖਮਾਣੋ, ਮਨਪ੍ਰੀਤ ਸਿੰਘ, ਦੀਦਾਰ ਸਿੰਘ ਢਿੱਲੋਂ, ਸੁਖ ਰਾਮ ਕਾਲੇਵਾਲ, ਬਲਜੀਤ ਸਿੰਘ, ਗਗਨਦੀਪ ਕੁਮਾਰ, ਲਖਬੀਰ ਸਿੰਘ ਭੱਟੀ ਨੇ ਕਿਹਾ ਕਿ ਮੁਲਾਜ਼ਮਾਂ ਨੇ ਪਿਛਲੀਆਂ ਸਰਕਾਰਾਂ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਤਾਂ ਜੋ ਮੁਲਾਜ਼ਮਾਂ ਦੇ ਮਸਲਿਆਂ ’ਤੇ ਫ਼ੈਸਲੇ ਲੈਣ ਲਈ ਸਰਕਾਰ ਕੋਲ਼ ਘੱਟ ਗਿਣਤੀ ਦਾ ਬਹਾਨਾ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦੀ ਸਰਕਾਰ ਨੇ ਵੀ ਸਾਬਤ ਕਰ ਦਿੱਤਾ ਕਿ ਇਨ੍ਹਾਂ ਦੀਆਂ ਨੀਤੀਆਂ ਵੀ ਪੂੰਜੀਪਤੀਆਂ ਪੱਖੀ ਹਨ।
ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮਾਂ ਦੇ ਡੀਏ, ਪੇਅ ਕਮਿਸ਼ਨਰ ਦੇ ਬਕਾਏ ਜਾਮ, ਅਦਾਲਤਾਂ ਦੇ ਹੁਕਮਾਂ ਦੇ ਬਾਵਜੂਦ ਪੁਰਾਣੀ ਪੈਨਸ਼ਨ ਲਾਗੂ ਨਾ ਕਰਨੀ, ਕੇਂਦਰ ਦੇ ਸਕੇਲ ਲਾਗੂ ਕਰ ਕੇ ਮੁਲਾਜ਼ਮਾਂ ਨੂੰ ਵਰਗਾਂ ਵਿੱਚ ਵੰਡ ਦਿੱਤਾ ਹੈ। ਰੈਗੂਲਰ ਪਾਲਿਸੀ ਦੇ ਨਾਂ ਥੱਲੇ ਕੱਚੇ ਕਾਮਿਆਂ ਨਾਲ ਵੱਡਾ ਧੋਖਾ ਕੀਤਾ ਗਿਆ ਹੈ।
ਇਸ ਮੌਕੇ ਗਗਨਦੀਪ ਕੁਮਾਰ, ਰਣਜੀਤ ਸਿੰਘ ਚਨਾਰਥਲ, ਦਿਲਬਰ ਸਿੰਘ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਖਮਾਣੋ, ਤਰਸੇਮ ਸਿੰਘ ਕਾਹਲੋਂ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਖੁਸ਼ਿਵੰਦਰ ਸਿੰਘ, ਬੀਰਬਲ ਕੁਮਾਰ, ਤਾਜ਼ ਅਲੀ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।