ਘੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪਿਆ, ਘਨੌਰ ਦੇ ਪਿੰਡਾਂ ’ਚ ਹਾਈ ਅਲਰਟ
ਘੱਗਰ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਅਤੇ ਪਾਣੀ ਹਾਲੇ ਵੀ ਲਗਾਤਾਰ ਵੱਧ ਰਿਹਾ ਹੈ। ਦੁਪਹਿਰ 12 ਵਜੇ ਘੱਗਰ ਦਰਿਆ ਦਾ ਪੱਧਰ ਹੋਰ ਵਧ ਕੇ 11 ਫੁੱਟ ’ਤੇ ਪਹੁੰਚ ਗਿਆ ਹੈ, ਜਿਸ ਦੀ ਮਾਤਰਾ 70706 ਕਿਊਸਕ ਬਣਦੀ ਹੈ ਅਤੇ ਜੋ ਇਸ ਦੀ ਸਮਰੱਥਾ 57 ਹਜ਼ਾਰ ਕਿਊਸਕ ਤੋਂ ਵੱਧ ਬਣਦਾ ਹੈ। ਇਸ ਨਾਲ ਨੀਵੇਂ ਇਲਾਕਿਆਂ ਵਿਚ ਇਹ ਪਾਣੀ ਬਹੁਤ ਜ਼ਿਆਦਾ ਨੁਕਸਾਨਦੇਹ ਹੋ ਸਕਦਾ ਹੈ। ਘੱਗਰ ਦਰਿਆ ਦਾ ਪਾਣੀ ਹਾਲੇ ਵੀ ਵਧ ਰਿਹਾ ਹੈ ਅਤੇ ਪਾਣੀ ਦੀ ਤਾਜ਼ਾ ਸਮਰੱਥਾ ਇਸ ਸੀਜ਼ਨ ਵਿੱਚ ਹੁਣ ਤੱਕ ਆਏ ਸਾਰੇ ਪਾਣੀਆਂ ਨਾਲੋਂ ਵੱਧ ਹੈ।
ਦਰਿਆ ਦਾ ਪਾਣੀ ਸਵੇਰ ਤੋਂ ਲਗਾਤਾਰ ਵੱਧ ਰਿਹਾ ਹੈ ਅਤੇ ਸਾਢੇ 10 ਵਜੇ ਇਸ ਪਾਣੀ ਦੀ ਮਿਕਦਾਰ ਨੌ ਫੁੱਟ ਮਾਪੀ ਗਈ ਸੀ, ਜਿਹੜੀ ਕਿ ਖਤਰੇ ਦੇ ਅੱਠ ਫੁੱਟ ਦੇ ਨਿਸ਼ਾਨ ਤੋਂ ਇੱਕ ਫੁੱਟ ਉੱਪਰ ਹੈ। ਉਦੋਂ ਘੱਗਰ ਵਿੱਚ 45,343 ਕਿਊਸਿਕ ਪਾਣੀ ਵਹਿ ਰਿਹਾ ਸੀ। ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਨੇ ਇੱਕ ਬਿਆਨ ਜਾਰੀ ਕਰਕੇ ਲੋਕਾਂ ਨੂੰ ਘੱਗਰ ਦਰਿਆ ਦੇ ਨੇੜੇ ਨਾ ਜਾਣ, ਦਰਿਆ ਦੇ ਪੁਲਾਂ ’ਤੇ ਨਾ ਖੜਨ ਅਤੇ ਕਾਜ਼ ਵੇਅ ਵਾਲੇ ਪੁਲਾਂ ਉੱਤੋਂ ਨਾ ਲੰਘਣ ਦੀ ਅਪੀਲ ਕੀਤੀ ਹੈ।
ਘੱਗਰ ਵਿੱਚ ਕੱਲ੍ਹ ਸਾਰਾ ਦਿਨ ਆਮ ਵਾਂਗ ਪਾਣੀ ਚੱਲਦਾ ਰਿਹਾ ਪਰ ਅੱਜ ਸਵੇਰੇ 5 ਵਜੇ ਤੋਂ ਪਾਣੀ ਵਧਣਾ ਸ਼ੁਰੂ ਹੋ ਗਿਆ ਹੈ ਤੇ ਸਵੇਰੇ 9 ਵਜੇ ਤੱਕ ਇਸ ਦੀ ਉਚਾਈ ਸੱਤ ਫੁੱਟ ’ਤੇ ਪਹੁੰਚ ਗਈ ਹੈ, ਜਿਹੜਾ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ ਇੱਕ ਫੁੱਟ ਥੱਲੇ ਸੀ। ਘੱਗਰ ਦੇ ਕਿਨਾਰਿਆਂ ’ਤੇ ਵਸੇ ਬਨੂੜ ਖੇਤਰ ਦੇ ਪਿੰਡ ਮਨੌਲੀ ਸੂਰਤ ਤੇ ਹੰਸਾਲਾ ਦੇ ਵਸਨੀਕਾਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਇਹ ਪਾਣੀ ਵੱਧ ਰਿਹਾ ਹੈ ਤੇ ਬਹੁਤ ਤੇਜ਼ੀ ਨਾਲ ਪਾਣੀ ਵਹਿ ਰਿਹਾ ਹੈ।
ਸਿੰਜਾਈ ਵਿਭਾਗ ਦੇ ਭਾਂਖਰਪੁਰ ਦੇ ਪੁਲ ਉੱਤੇ ਪਾਣੀ ਮਾਪਣ ਵਾਲੇ ਅਮਲੇ ਦੇ ਮੈਂਬਰ ਜਗਦੀਸ਼ ਸਿੰਘ ਨੇ ਸੰਪਰਕ ਕਰਨ ਦੇ ਦੱਸਿਆ ਕਿ ਸਵੇਰੇ 7 ਵਜੇ ਘੱਗਰ ਦਰਿਆ ਵਿੱਚ ਪੰਜ ਫੁੱਟ ਦੀ ਉਚਾਈ ’ਤੇ ਪਾਣੀ ਸੀ। ਅੱਠ ਵਜੇ ਛੇ ਫੁੱਟ ’ਤੇ ਪਹੁੰਚ ਗਿਆ ਅਤੇ ਸਵੇਰੇ 9 ਵਜੇ ਇਸ ਦੀ ਉਚਾਈ ਸੱਤ ਫੁੱਟ ’ਤੇ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਪਾਣੀ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਪੈ ਰਹੇ ਜ਼ੋਰਦਾਰ ਮੀਂਹ ਅਤੇ ਸੁਖਨਾ ਝੀਲ ਦੇ ਖੋਲ੍ਹੇ ਗਏ ਫਲੱਡ ਗੇਟਾਂ ਕਾਰਨ ਘੱਗਰ ਦੇ ਪਾਣੀ ਵਿੱਚ ਵਾਧਾ ਹੋਇਆ ਹੈ।
ਘੱਗਰ ਨਦੀ ਵਿੱਚ ਪਾਣੀ ਵਧਣ ਕਰਕੇ ਘਨੌਰ ਦੇ ਪਿੰਡਾਂ ਲਈ ਹਾਈ ਅਲਰਟ
ਚੰਡੀਗੜ੍ਹ(ਟਨਸ): ਘੱਗਰ ਨਦੀ ਦੇ ਕੈਚਮੈਂਟ ਖੇਤਰ ਵਿੱਚ ਪਏ ਭਾਰੀ ਮੀਂਹ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਘਨੌਰ ਦੇ ਘੱਗਰ ਨੇੜੇ ਪੈਂਦੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਐਸ ਡੀ ਐਮ ਰਾਜਪੁਰਾ ਅਵਿਕੇਸ਼ ਗੁਪਤਾ ਵੱਲੋਂ ਜਾਰੀ ਸਲਾਹਕਾਰੀ ਮੁਤਾਬਕ ਪਿੰਡਾਂ ਸੰਜਰਪੁਰ, ਊਂਟਸਰ, ਦੜਬਾ, ਸਲੇਮਪੁਰ, ਸ਼ਮਸ਼ਪੁਰ, ਜੰਡਮਗੋਲੀ, ਹਰਪਾਲਾਂ, ਰਾਮਪੁਰ, ਸੌਂਟਾ, ਮਾਰੀਆਂ, ਕਪੂਰੀ, ਕਮਾਲਪੁਰ, ਸਰਾਲਾ ਕਲਾਂ, ਸਰਾਲਾ ਖੁਰਦ, ਕਾਮੀ ਖੁਰਦ, ਚਮਾਰੂ, ਲਾਛੜੂ ਖੁਰਦ, ਮਹਿਦੂਦਾਂ, ਮੰਜੌਲੀ, ਮਾੜੂ, ਜੰਬੋਮਾਜਰਾ, ਜਮੀਤਗੜ੍ਹ, ਮਹਿਮਦਪੁਰ ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕ ਸੁਚੇਤ ਰਹਿਣ ਤੇ ਘੱਗਰ ਨੇੜੇ ਨਾ ਜਾਣ। ਪ੍ਰਸ਼ਾਸਨ ਨੇ ਕਿਸੇ ਵੀ ਸੂਚਨਾ ਲਈ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਿਸੇ ਵੀ ਸੂਚਨਾ ਲਈ ਤੁਰੰਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕੰਟਰੋਲ ਰੂਮ ਨੰਬਰ 0175-2350550 ਉਪਰ ਸੂਚਿਤ ਕੀਤਾ ਜਾਵੇ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ ਹੈ।