ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘੱਗਰ ਦਰਿਆ ਵਿੱਚ ਪਾਣੀ ਮੁੜ ਚੜ੍ਹਿਆ

ਘੱਗਰ ਕਿਨਾਰੇ ਵਸਦੇ ਪਿੰਡਾਂ ਦੇ ਵਸਨੀਕਾਂ ਵਿੱਚ ਸਹਿਮ; ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ 
Advertisement
ਘਗਰ ਦਰਿਆ ਵਿੱਚ ਅੱਜ ਸਵੇਰੇ ਪਾਣੀ ਦਾ ਪੱਧਰ ਮੁੜ ਵਧ ਗਿਆ। ਸਵੇਰੇ 6 ਵਜੇ ਤੋਂ ਘੱਗਰ ਦਾ ਪਾਣੀ ਨੌਂ ਫੁੱਟ ਦੀ ਉਚਾਈ ’ਤੇ ਵਹਿ ਰਿਹਾ ਹੈ ਜੋ ਕਿ 45343 ਕਿਊਸਕ ਬਣਦਾ ਹੈ। ਘੱਗਰ ਵਿੱਚ ਅੱਠ ਫੁੱਟ ਤੋਂ ਉੱਪਰਲੇ ਪਾਣੀ ਨੂੰ ਖਤਰੇ ਦੇ ਨਿਸ਼ਾਨ ਤੋਂ ਵੱਧ ਮੰਨਿਆ ਜਾਂਦਾ ਹੈ।
ਜਾਣਕਾਰੀ ਅਨੁਸਾਰ ਘੱਗਰ ਦਰਿਆ ਵਿੱਚ ਕੱਲ੍ਹ ਆਮ ਵਾਂਗ ਡੇਢ ਤੋਂ ਢਾਈ ਫੁੱਟ ਪਾਣੀ ਵਹਿੰਦਾ ਰਿਹਾ ਪਰ ਅੱਜ ਸਵੇਰੇ ਪੰਜ ਵਜੇ ਤੋਂ ਇਹ ਪਾਣੀ ਵਧਣਾ ਸ਼ੁਰੂ ਹੋਇਆ ਅਤੇ 6 ਵਜੇ ਇਸ ਦੀ ਉਚਾਈ ਨੌਂ ਫੁੱਟ ’ਤੇ ਪਹੁੰਚ ਗਈ। ਸਾਢੇ ਸੱਤ ਵਜੇ ਤੱਕ ਵੀ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਨੌਂ ਫੁੱਟ ਦੀ ਉਚਾਈ ’ਤੇ ਹੀ ਵਹਿ ਰਿਹਾ ਸੀ।
ਜਾਣਕਾਰੀ ਅਨੁਸਾਰ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਦਾ ਮੁਖ ਕਾਰਨ ਸੁਖਨਾ ਝੀਲ ਵਿੱਚੋਂ ਛੱਡਿਆ ਪਾਣੀ ਅਤੇ ਲਗਾਤਾਰ ਪੈ ਰਿਹਾ ਮੀਂਹ ਹੈ। ਘੱਗਰ ਦਰਿਆ ਦੇ ਕੰਢਿਆਂ ਉੱਤੇ ਵਸਦੇ ਬਨੂੜ ਖੇਤਰ ਦੇ ਪਿੰਡਾਂ ਦੇ ਵਸਨੀਕਾਂ ਵਿੱਚ ਪਾਣੀ ਵਧਣ ਨਾਲ ਸਹਿਮ ਪੈਦਾ ਹੋ ਗਿਆ ਹੈ ਜਦੋਂ ਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਾਣੀ ਜਲਦੀ ਹੀ ਘਟਣਾ ਸ਼ੁਰੂ ਹੋ ਜਾਵੇਗਾ ਤੇ ਇਸ ਵਿੱਚ ਹੋਰ ਵਾਧਾ ਨਹੀਂ ਹੋਵੇਗਾ। ਇਥੇ ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਘੱਗਰ ਦਰਿਆ ਵਿੱਚ ਲਗਪਗ ਸੱਤ ਘੰਟੇ ਖਤਰੇ ਦੇ ਨਿਸ਼ਾਨ ਤੋਂ ਉਪਰ ਪਾਣੀ ਵਹਿੰਦਾ ਰਿਹਾ ਹੈ ਜਿਸ ਦੀ ਰਿਕਾਰਡ ਉਚਾਈ ਸਾਢੇ 11 ਫੁੱਟ ਸੀ ਸੋ ਕਿ 70 ਹਜ਼ਾਰ ਕਿਊਸਕ ਤੋਂ ਵੱਧ ਬਣਦਾ ਸੀ।
ਇਸੇ ਦੌਰਾਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਸੂਚਨਾ ਜਾਰੀ ਕਰਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ। ਬੁਲਾਰੇ ਅਨੁਸਾਰ ਘੱਗਰ ਨਦੀ ਦੇ ਕੈਚਮੈਂਟ ਖੇਤਰ ਵਿੱਚ ਪਏ ਭਾਰੀ ਮੀਂਹ ਕਾਰਨ ਭਾਂਖਰਪੁਰ ਵਿਖੇ ਘੱਗਰ ’ਚ ਪਾਣੀ ਮੁੜ ਤੋਂ ਵਧਣ ਕਰਕੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਘਨੌਰ ਤੇ ਸਨੌਰ ਹਲਕਿਆਂ ਦੇ ਘੱਗਰ ਨੇੜੇ ਪੈਂਦੇ ਪਿੰਡਾਂ (ਰਾਜਪੁਰਾ ਸਬ ਡਵੀਜ਼ਨ) ਦੇ ਵਸਨੀਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ। ਐੱਸਡੀਐੱਮ ਰਾਜਪੁਰਾ ਅਵਿਕੇਸ਼ ਗੁਪਤਾ ਵੱਲੋਂ ਜਾਰੀ ਐਡਵਾਇਜ਼ਰੀ ਮੁਤਾਬਕ ਪਿੰਡਾਂ ਊਂਟਸਰ, ਨਨਹੇੜੀ, ਸੰਜਰਪੁਰ, ਲਾਛੜੂ, ਕਮਾਲਪੁਰ, ਰਾਮਪੁਰ, ਸੌਂਟਾ,  ਮਾੜੂ ਅਤੇ ਚਮਾਰੂ ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕ ਸੁਚੇਤ ਰਹਿਣ ਤੇ ਘੱਗਰ ਨੇੜੇ ਨਾ ਜਾਣ। ਕਿਸੇ ਸੂਚਨਾ ਲਈ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਦੂਧਨ ਸਾਧਾਂ ਦੇ ਐੱਸਡੀਐੱਮ ਕਿਰਪਾਲਵੀਰ ਸਿੰਘ ਮੁਤਾਬਕ ਪਿੰਡ ਭਸਮੜਾ ਅਤੇ ਜਲਾਹਖੇੜੀ ਰਾਜੂ ਖੇੜੀ ਦੇ ਵਸਨੀਕਾਂ ਨੂੰ ਵੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਜਦਕਿ ਪਟਿਆਲਾ ਸਬ ਡਵੀਜ਼ਨ ਦੇ ਐੱਸਡੀਐੱਮ ਸ੍ਰੀਮਤੀ ਹਰਜੋਤ ਕੌਰ ਮਾਵੀ ਮੁਤਾਬਕ ਪਿੰਡ ਹਡਾਣਾ, ਪੁਰ, ਧਰਮੇੜੀ, ਉਲਟਪੁਰ ਅਤੇ ਸਿਰਕੱਪੜਾ ਆਦਿ ਦੇ ਵਸਨੀਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਜੇਕਰ ਜ਼ਿਆਦਾ ਪਾਣੀ ਆਉਣ ਦੀ ਕੋਈ ਸੂਚਨਾ ਹੋਵੇ ਤਾਂ ਤੁਰੰਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕੰਟਰੋਲ ਰੂਮ ਨੰਬਰ 0175-2350550 ਤੇ 2358550 ਉਪਰ ਸੂਚਿਤ ਕੀਤਾ ਜਾਵੇ। ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਵੀ ਅਪੀਲ ਹੈ।
Advertisement
Show comments