ਘੱਗਰ ਦਰਿਆ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਟੱਪਿਆ
ਘੱਗਰ ਦਰਿਆ ਵਿੱਚ ਅੱਜ ਕਈ ਘੰਟੇ ਖਤਰੇ ਤੋਂ ਉਪਰਲੇ ਨਿਸ਼ਾਨ ’ਤੇ ਪਾਣੀ ਵਹਿੰਦਾ ਰਿਹਾ, ਜਿਸ ਮਗਰੋਂ ਬਨੂੜ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਰਿਹਾ। ਦੁਪਹਿਰ ਮਗਰੋਂ ਪਾਣੀ ਘਟਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਘੱਗਰ ਦਰਿਆ ਵਿੱਚ ਭਾਂਖਰਪੁਰ ਦੇ ਪੁਲ ’ਤੇ ਪਾਣੀ ਮਾਪਣ ਵਾਲੇ ਅਮਲੇ ਨੇ ਦੱਸਿਆ ਕਿ ਸਵੇਰੇ ਪਾਣੀ ਇੱਕ ਫੁੱਟ ਉਚਾਈ ’ਤੇ ਵਹਿ ਰਿਹਾ ਸੀ ਪਰ ਅਚਾਨਕ ਨੌਂ ਵਜੇ ਤੋਂ ਬਾਅਦ ਇਹ ਬਹੁਤ ਤੇਜ਼ੀ ਨਾਲ ਵਧਦਾ ਗਿਆ। ਨੌਂ ਵਜੇ ਪਾਣੀ ਦੀ ਉਚਾਈ ਸੱਤ ਫੁੱਟ ਮਾਪੀ ਗਈ, ਜੋ ਕਿ 23043 ਕਿਊਸਿਕ ਬਣਦੀ ਹੈ। ਗਿਆਰਾਂ ਵਜੇ ਪਾਣੀ ਵੱਧ ਕੇ 10 ਫੁੱਟ ਦੀ ਉਚਾਈ ’ਤੇ ਹੋ ਗਿਆ, ਜਿਹੜਾ ਕਿ 57301 ਕਿਊਸਿਕ ਸੀ। ਲਗਾਤਾਰ ਇਸੇ ਰਫ਼ਤਾਰ ਵਿਚ ਪਾਣੀ ਦੋ ਘੰਟੇ ਵਹਿੰਦਾ ਰਿਹਾ ਤੇ ਦੋ ਵਜੇ ਮਗਰੋਂ ਪਾਣੀ ਘਟਣਾ ਸ਼ੁਰੂ ਹੋਇਆ ਤੇ ਸ਼ਾਮ ਤੱਕ ਘਟ ਕੇ ਚਾਰ ਫੁੱਟ ’ਤੇ ਆ ਗਿਆ ਸੀ। ਘੱਗਰ ਵਿਚ ਅੱਜ ਪਾਣੀ ਖਤਰੇ ਦੇ ਨਿਸ਼ਾਨ ਤੋਂ ਡੇਢ ਫੁੱਟ ਉੱਪਰ ਵਹਿੰਦਾ ਰਿਹਾ। ਇਹ 2023 ਵਿਚ ਇੱਥੋਂ ਵਗੇ ਸੋਲਾਂ ਫੁੱਟ ਉੱਚੇ ਪਾਣੀ ਤੋਂ ਬਾਅਦ ਸਭ ਤੋਂ ਵੱਧ ਪਾਣੀ ਸੀ। ਇਸੇ ਵਰ੍ਹੇ ਘੱਗਰ ਵਿਚ ਪਿਛਲੇ ਮਹੀਨੇ ਪਾਣੀ ਦਾ ਪੱਧਰ ਵਧਿਆ ਸੀ ਪਰ ਉਹ ਵੀ ਸਾਢੇ ਕੁ ਸੱਤ ਫੁੱਟ ਦੀ ਉਚਾਈ ਤੱਕ ਹੀ ਗਿਆ ਸੀ। ਮਨੌਲੀ ਸੂਰਤ ਤੇ ਹੋਰ ਕਈ ਪਿੰਡਾਂ ਵਿਚ ਖੇਤਾਂ ਵਿਚ ਬੀਜੀ ਫ਼ਸਲ ਡੁੱਬ ਗਈ।