ਸਤਲੁਜ ਵਿੱਚ ਸਵਾਂ ਨਦੀ ਦਾ ਪਾਣੀ ਆਇਆ; ਹੜ੍ਹਾਂ ਵਰਗੇ ਹਾਲਾਤ
ਸ੍ਰੀ ਆਨੰਦਪੁਰ ਸਾਹਿਬ ਤੋਂ ਨੂਰਪੁਰ ਬੇਦੀ ਜਾਣ ਵਾਲਾ ਆਰਜ਼ੀ ਰਾਹ ਹੋਇਆ ਬੰਦ
Advertisement
ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਦੇ ਨਾਲ ਨਾਲ ਮੈਦਾਨੀ ਇਲਾਕਿਆਂ ਵਿੱਚ ਪੈ ਰਹੀ ਭਾਰੀ ਬਰਸਾਤ ਕਾਰਨ ਅਚਾਨਕ ਸਤਲੁਜ ਦਰਿਆ ਵਿੱਚ ਸਵਾਂ ਨਦੀ ਦਾ ਪਾਣੀ ਆ ਜਾਣ ਕਰਕੇ ਬੇਲਿਆਂ ਦੇ ਦਰਜਨਾਂ ਪਿੰਡਾਂ ਵਿੱਚ ਹੜ੍ਹਾਂ ਵਰਗੀ ਸਥਿਤੀ ਬਣ ਚੁੱਕੀ ਹੈ। ਦੱਸਣਯੋਗ ਹੈ ਕਿ ਦੇਰ ਸ਼ਾਮ ਅਚਾਨਕ ਹੀ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਰਕੇ ਆਲੇ ਦੁਆਲੇ ਵਸੇ ਪਿੰਡਾਂ ਲੋਧੀਪੁਰ, ਚੰਦਪੁਰ ਬੇਲਾ, ਹਰੀਵਾਲ, ਮਹਿੰਦਲੀ ਕਲਾਂ, ਗੱਜਪੁਰ ਬੇਲਾ ਆਦਿ ਪਿੰਡਾਂ ਦੀਆਂ ਜ਼ਮੀਨਾਂ ਅਤੇ ਫਸਲਾਂ ਵਿੱਚ ਪਾਣੀ ਫਿਰਨ ਲੱਗਿਆ। ਇਸ ਤੋਂ ਬਿਨਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਬੁਰਜ ਰਸਤੇ ਅਮਰਪੁਰ ਬੇਲਾ ਹੋ ਕੇ ਨੂਰਪੁਰ ਬੇਦੀ ਨੂੰ ਜਾਣ ਵਾਲੇ ਰਾਹ ’ਤੇ ਪਾਣੀ ਭਰ ਗਿਆ ਜਿਸ ਨਾਲ ਇਹ ਰਸਤਾ ਆਰਜ਼ੀ ਤੌਰ ’ਤੇ ਬੰਦ ਹੋ ਗਿਆ। ਇਸ ਤੋਂ ਬਿਨਾਂ ਚੰਦਪੁਰ ਬੇਲਾ ਦੇ ਸਕੂਲ ਲਾਗੇ ਪਾਣੀ ਪਹੁੰਚ ਗਿਆ ਜਦੋਂਕਿ ਗੱਜਪੁਰ ਬੇਲਾ ਦੇ ਮੋੜ ’ਤੇ ਕਈ ਕਈ ਫੁੱਟ ਪਾਣੀ ਇਕੱਠਾ ਹੋ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮਹਿੰਦਲੀ ਖੁਰਦ ਵਿੱਚ ਬੀਤੇ ਕੱਲ੍ਹ ਪਈ ਭਾਰੀ ਬਰਸਾਤ ਕਾਰਨ ਤਿੰਨ ਬੱਚੇ ਹੜ੍ਹਨ ਤੋਂ ਬਚ ਗਏ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਪਿੰਡ ਲਾਗੇ ਖੱਡ ਵਿੱਚ ਨਹਾਉਣ ਚਲੇ ਗਏ ਅਤੇ ਅਚਾਨਕ ਖੱਡ ਵਿੱਚ ਵਾਧੂ ਪਾਣੀ ਆ ਗਿਆ ਉਥੇ ਰਹਿੰਦੇ ਪਰਵਾਸੀਆਂ ਵਲੋਂ ਬੱਚਿਆਂ ਨੂੰ ਰੱਸਿਆਂ ਦੀ ਮਦਦ ਨਾਲ ਖੱਡ ਤੋਂ ਬਾਹਰ ਕੱਢਿਆ ਗਿਆ। ਪਿੰਡ ਹਰੀਵਾਲ ਦੇ ਨਿਰਮਲ ਸਿੰਘ, ਬੁਰਜ ਦੇ ਰੌਸ਼ਨ ਸਿੰਘ ਆਦਿ ਨੇ ਕਿਹਾ ਹੈ ਕਿ ਬੇਲਿਆਂ ਵਿੱਚ ਹਰੇਕ ਬਰਸਾਤ ਨੂੰ ਅਜਿਹੀ ਸਥਿਤੀ ਹੋ ਜਾਂਦੀ ਹੈ ਤੇ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਕੱਢਿਆ ਗਿਆ। ਅੱਜ ਵੀ ਅਚਾਨਕ ਪਾਣੀ ਆ ਜਾਣ ਕਾਰਨ ਪਿੰਡਾਂ ਵਿੱਚ ਸਹਿਮ ਦੀ ਸਥਿਤੀ ਹੈ ਜਿਸ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਤਲੁਜ ਦਰਿਆ ਦਾ ਨਹਿਰੀਕਰਨ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਸਮੱਸਿਆ ਇਸੇ ਤਰ੍ਹਾਂ ਚੱਲਦੀ ਰਹੇਗੀ। ਇੱਥੇ ਇਹ ਵੀ ਦੱਸ ਦੇਈਏ ਕਿ ਸ੍ਰੀ ਆਨੰਦਪੁਰ ਸਾਹਿਬ ਦੀਆਂ ਵੱਖ ਵੱਖ ਥਾਵਾਂ ਤੇ ਭਾਰੀ ਬਰਸਾਤ ਕਰਕੇ ਕਈ ਥਾਵਾਂ ’ਤੇ ਕਈ ਕਈ ਫੁੱਟ ਪਾਣੀ ਖੜ੍ਹ ਗਿਆ ਜਿਸ ਨਾਲ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
Advertisement
Advertisement