ਅੰਬਾਲਾ ’ਚ ਹਰ ਪਾਸੇ ਪਾਣੀ ਭਰਿਆ
ਡਿਪਟੀ ਕਮਿਸ਼ਨਰ ਅੰਬਾਲਾ ਅਜੈ ਸਿੰਘ ਤੋਮਰ ਨੇ ਅੰਬਾਲਾ ਸ਼ਹਿਰ ਤੇ ਛਾਉਣੀ ਦੇ ਕਈ ਇਲਾਕਿਆਂ ’ਚ ਬਰਸਾਤੀ ਪਾਣੀ ਭਰਨ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਤੁਰੰਤ ਹਦਾਇਤਾਂ ਜਾਰੀ ਕੀਤੀਆਂ। ਡੀਸੀ ਨੇ ਦੱਸਿਆ ਕਿ ਦੋ ਦਿਨਾਂ ਦੀ ਬਰਸਾਤ ਤੇ ਪਹਾੜੀ ਇਲਾਕਿਆਂ ਤੋਂ ਪਾਣੀ ਆਉਣ ਕਾਰਨ ਟਾਂਗਰੀ, ਘੱਗਰ ਤੇ ਮਾਰਕੰਡਾ ਦਰਿਆਵਾਂ ਦਾ ਪਾਣੀ ਪੱਧਰ ਵੱਧ ਗਿਆ। ਰਾਤ ਕਰੀਬ 10 ਵਜੇ ਟਾਂਗਰੀ ਦਾ ਪਾਣੀ 43 ਹਜ਼ਾਰ ਕਿਊਸਿਕ ਤੱਕ ਪਹੁੰਚਣ ਨਾਲ ਨੀਵੇਂ ਇਲਾਕਿਆਂ ਤੇ ਇੰਡਸਟਰੀਅਲ ਏਰੀਏ ’ਚ ਓਵਰਫ਼ਲੋ ਹੋਇਆ। ਇੰਡਸਟਰੀਅਲ ਏਰੀਏ ’ਚ 6 ਤੋਂ 8 ਫੁੱਟ ਤੱਕ ਪਾਣੀ ਭਰ ਗਿਆ ਹੈ, ਰਿਹਾਇਸ਼ੀ ਇਲਾਕਿਆਂ ’ਚ ਵੀ ਪਾਣੀ ਭਰਿਆ ਹੈ। ਪ੍ਰਸ਼ਾਸਨ ਵੱਲੋਂ ਇੰਡਸਟਰੀਅਲ ਏਰੀਏ ’ਚ ਰਹਿੰਦੇ ਮਜ਼ਦੂਰਾਂ ਨੂੰ ਬਚਾਉਣ ਲਈ ਐੱਚਐੱਸਆਈਡੀਆਈਸੀ ਦੇ ਐਕਸੀਅਨ ਤਾਇਨਾਤ ਕਰਦੇ ਹੋਏ ਪੰਪ ਲਗਾ ਕੇ ਨਿਕਾਸੀ ਸ਼ੁਰੂ ਕਰ ਦਿੱਤੀ ਗਈ ਹੈ।
ਘੱਗਰ ਦਾ ਪਾਣੀਘੱਗਰ ਵਿੱਚ ਪਾਣੀ ਘਟਣ ਮਗਰੋਂ ਲੋਕਾਂ ਨੇ ਸੁੱਖ ਦਾ ਸਾਹ ਲਿਆ
Advertisementਡੇਰਾਬੱਸੀ (ਹਰਜੀਤ ਸਿੰਘ): ਇਲਾਕੇ ਵਿੱਚ ਲੰਘੀ ਕਲ੍ਹ ਸ਼ਾਮ ਤੋਂ ਮੀਂਹ ਰੁੱਕਣ ਮਗਰੋਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਲੰਘੀ ਰਾਤ ਤੋਂ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬਬ ਬਣੀ ਘੱਗਰ ਨਦੀ ਵਿੱਚ ਪਾਣੀ ਦੀ ਪੱਧਰ ਘੱਟਣਾ ਸ਼ੁਰੂ ਹੋ ਗਿਆ ਜੋ ਸਵੇਰ ਚੜ੍ਹਨ ਤੱਕ ਆਪਣੇ ਨਾਰਮਲ ਰੂਪ ਵਿੱਚ ਪਹੁੰਚ ਗਿਆ। ਦੂਜੇ ਪਾਸੇ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਘੱਟਣ ਮਗਰੋਂ ਪਿੰਡ ਭਾਂਖਰਪੁਰ ਮਾਰਕੰਡਾ ਮੰਦਿਰ ਕੋਲ ਬੰਨ੍ਹ ਵਿੱਚ ਪਏ ਪਾੜ ਨੂੰ ਅੱਜ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ’ਤੇ ਮੁੜ ਤੋਂ ਮਜ਼ਬੂਤ ਕਰ ਦਿੱਤਾ। ਬੰਨ ਨੂੰ ਮਜ਼ਬੂਤ ਕਰਨ ਦੌਰਾਨ ਮੌਕੇ ’ਤੇ ਕੰਮ ਕਰ ਰਹੇ ਇਕ ਪਿੰਡ ਵਾਸੀ ਦਾ ਟਰੈਕਟਰ ਘੱਗਰ ਨਦੀ ਵਿੱਚ ਡਿੱਗਦਾ ਵਾਲ ਵਾਲ ਬਚ ਗਿਆ। ਬੜੀ ਮੁਸ਼ਕਲ ਨਾਲ ਟਰੈਕਟਰ ਚਾਲਕ ਅਤੇ ਟਰੈਕਟਰ ਨੂੰ ਜੇਸੀਬੀ ਦੀ ਮਦਦ ਨਾਲ ਬਾਹਰ ਕੱਢਿਆ। ਬੰਨ ਨੂੰ ਮਜ਼ਬੂਤ ਕਰ ਰਹੇ ਪਿੰਡ ਵਾਸੀਆਂ ਨੇ ਕਿਹਾ ਕਿ ਲੰਘੇ ਕਲ੍ਹ ਤੇਜ਼ ਮੀਂਹ ਨਾਲ ਪਾੜ ਵਧਦਾ ਜਾ ਰਿਹਾ ਸੀ। ਖਤਰਨਾਕ ਪੱਧਰ ਤੋਂ ਇੱਕ ਫੁੱਟ ਹੇਠ ਆ ਗਿਆ ਹੈ।