ਕਾਂਗਰਸ ਦਫ਼ਤਰ ਘੇਰਨ ਜਾਂਦੇ ਭਾਜਪਾ ਆਗੂਆਂ ’ਤੇ ਪਾਣੀ ਦੀਆਂ ਬੁਛਾੜਾਂ
ਭਾਜਪਾ ਯੁਵਾ ਮੋਰਚਾ ਨੇ ਕਾਂਗਰਸੀ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਮਾਤਾ ਵਿਰੁੱਧ ਅਪਸ਼ਬਦ ਬੋਲਣ ਖ਼ਿਲਾਫ਼ ਅੱਜ ਕਾਂਗਰਸ ਪਾਰਟੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਭਾਜਪਾ ਯੁਵਾ ਮੋਰਚਾ ਦੇ ਵੱਡੀ ਗਿਣਤੀ ਵਿੱਚ ਆਗੂ ਸੈਕਟਰ-33 ਵਿੱਚ ਸਥਿਤ ਭਾਜਪਾ ਦਫ਼ਤਰ ਕਮਲਮ ਤੋਂ ਇਕੱਠੇ ਹੋ ਕੇ ਕਾਂਗਰਸ ਭਵਨ ਦਾ ਘਿਰਾਓ ਕਰਨ ਵੱਲ ਵਧੇ ਤਾਂ ਪੁਲੀਸ ਨੇ ਕੁਝ ਦੂਰੀ ’ਤੇ ਹੀ ਬੈਰੀਕੇਡ ਲਗਾ ਕੇ ਭਾਜਪਾਈਆਂ ਨੂੰ ਰੋਕ ਦਿੱਤਾ। ਇਸ ਦੌਰਾਨ ਭਾਜਪਾਈਆਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਮਾਮੂਲੀ ਖਿੱਚ-ਧੂਹ ਹੋਈ। ਇਸ ਤੋਂ ਬਾਅਦ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਹਟਾ ਦਿੱਤਾ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਜਨਰਲ ਸਕੱਤਰ ਰਾਮਵੀਰ ਭੱਟੀ, ਸੰਜੀਵ ਰਾਣਾ, ਮੀਡੀਆ ਇੰਚਾਰਜ ਰਵੀ ਰਾਵਤ ਅਤੇ ਯੁਵਾ ਮੋਰਚਾ ਇੰਚਾਰਜ ਰਮੇਸ਼ ਸਣੇ ਵੱਡੀ ਗਿਣਤੀ ਵਿੱਚ ਭਾਜਪਾਈ ਮੌਜੂਦ ਰਹੇ। ਜਿਨ੍ਹਾਂ ਨੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਣੇ ਕਾਂਗਰਸ ਪਾਰਟੀ ਵਿਰੁੱਧ ਨਾਅਰੇਬਾਜੀ ਕੀਤੀ। ਇਸ ਦੌਰਾਨ ਭਾਜਪਾਈਆਂ ਨੇ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ। ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਮਲਹੋਤਰਾ ਨੇ ਕਿਹਾ ਕਿ ਕਾਂਗਰਸ ਨੇਤਾਵਾਂ ਦਾ ਇਹ ਵਰਤਾਅ ਸਿਰਫ਼ ਪ੍ਰਧਾਨ ਮੰਤਰੀ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਅਪਮਾਨ ਹੈ।ਸ੍ਰੀ ਮਲਹੋਤਰਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਪ੍ਰਧਾਨ ਮੰਤਰੀ ਤੇ ਉਨ੍ਹਾਂ ਮਾਤਾ ਦਾ ਅਪਮਾਨ ਕਰਕੇ ਛੋਟੀ ਮਾਨਸਿਕਤਾ ਨੂੰ ਦਰਸਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਅਜਿਹੀ ਸ਼ਬਦਾਵਲੀ ਲਈ ਮੁਆਫੀ ਮੰਗਣੀ ਚਾਹੀਦੀ ਹੈ। ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਜਨਰਲ ਸਕੱਤਰ ਪ੍ਰੀਆ ਪਾਸਵਾਨ, ਸ਼ਾਨੂ ਦੂਬੇ, ਮੀਤ ਪ੍ਰਧਾਨ ਅਭੈ ਝਾਅ, ਸਚਿਨ, ਖੁਸ਼ਬੂ ਵਰਮਾ, ਮਨੋਜ ਚੌਧਰੀ, ਮੁਕੇਸ਼ ਮਹਿਰਾ, ਸੁਖਰਾਜ ਗਿੱਲ, ਮੀਡੀਆ ਇੰਚਾਰਜ ਮਾਨਸੀ ਪੁੰਡੀਰ, ਵਿਨਾਇਕ ਬਾਂਗੀਆ, ਵਿਸ਼ਾਲ ਸੈਣੀ, ਜ਼ਿਲ੍ਹਾ ਪ੍ਰਧਾਨ ਨਿੱਕੂ ਪਾਂਡੇ, ਅਦਿੱਤਿਆ ਸ਼ਰਮਾ, ਰਿਤਿਕ ਸ਼ੁਕਲਾ ਸਮੇਤ ਹੋਰ ਮੈਂਬਰ ਵੀ ਮੌਜੂਦ ਰਹੇ।