ਜੰਗ ’ਚ ਜ਼ਖ਼ਮੀ ਹੌਲਦਾਰ ਨੂੰ 24 ਸਾਲਾਂ ਮਗਰੋਂ ਪੈਨਸ਼ਨ ਮਿਲੀ
ਪਿੰਡ ਭੜੌਂਜੀਆਂ (ਖਰੜ) ਜ਼ਿਲ੍ਹਾ ਮੁਹਾਲੀ ਦੇ ਵਾਸੀ ਹੌਲਦਾਰ ਤੇਜਿੰਦਰ ਸਿੰਘ ਨੂੰ 24 ਸਾਲਾਂ ਦੇ ਲੰਬੇ ਸੰਘਰਸ਼ ਮਗਰੋਂ ਆਖਰਕਾਰ ‘ਬੈਟਲ ਕੈਜ਼ੁਐਲਿਟੀ ਪੈਨਸ਼ਨ’ ਮਿਲ ਗਈ ਹੈ। ਇਸ ਮਾਮਲੇ ’ਚ ਐਕਸ ਸਰਵਿਸਮੈਨ ਗ੍ਰੀਵੈਂਸਿਜ਼ ਸੈੱਲ (ਈ ਐੱਸ ਜੀ ਸੀ) ਦੀ ਮਿਹਨਤ ਰੰਗ ਲਿਆਈ ਹੈ ਜਿਸ ਦੇ ਪ੍ਰਧਾਨ ਲੈਫਟੀਨੈਂਟ ਕਰਨਲ ਐੱਸ ਐੱਸ ਸੋਹੀ (ਸੇਵਾਮੁਕਤ) ਨੇ ਸੰਸਥਾ ਦੇ ਵਕੀਲ ਐਡਵੋਕੇਟ ਆਰ ਐੱਨ ਓਝਾ ਰਾਹੀਂ ਕੇਸ ਅੰਤ ਤੱਕ ਲੜਿਆ ਤੇ ਜਿੱਤ ਹਾਸਿਲ ਕੀਤੀ।
ਹੌਲਦਾਰ ਤੇਜਿੰਦਰ ਸਿੰਘ ਦੀ ਹਾਜ਼ਰੀ ’ਚ ਪ੍ਰੈੱਸ ਕਾਨਫ਼ਰੰਸ ਦੌਰਾਨ ਕਰਨਲ ਸੋਹੀ ਨੇ ਦੱਸਿਆ ਕਿ ਹੌਲਦਾਰ ਤੇਜਿੰਦਰ ਸਿੰਘ ਨੇ 31 ਜੁਲਾਈ 1985 ਨੂੰ 3 ਪੰਜਾਬ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ। ਸਾਲ 1987 ਵਿੱਚ ਉਸ ਦੀ ਯੂਨਿਟ ਨੂੰ ਭਾਰਤੀ ਸ਼ਾਂਤੀ ਰੱਖਿਆ ਫੌਜ ਦੇ ਹਿੱਸੇ ਵਜੋਂ ‘ਆਪਰੇਸ਼ਨ ਪਵਨ’ ਤਹਿਤ ਸ੍ਰੀਲੰਕਾ ਭੇਜਿਆ ਗਿਆ। ਇਸ ਦੌਰਾਨ ਯੂਨਿਟ ਨੂੰ ਲਿੱਟੇ (ਐੱਲ ਟੀ ਟੀ ਈ) ਹਮਲਾਵਰਾਂ ਨਾਲ ਲੜਾਈ ਕਰਨੀ ਪਈ, ਜਿਸ ਦੌਰਾਨ ਇੱਕ ਦਿਨ ਅਤਿਵਾਦੀਆਂ ਦੇ ਹਮਲੇ ਵਿੱਚ ਹੌਲਦਾਰ ਤੇਜਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਮਿਲਟਰੀ ਹਸਪਤਾਲ ਮਦਰਾਸ ’ਚ ਇਲਾਜ ਮਗਰੋਂ ਉਨ੍ਹਾਂ ਨੂੰ ਮੈਡੀਕਲ ਕੈਟੇਗਰੀ ਵਿਚ ਲਿਆਂਦਾ ਗਿਆ ਤੇ ਸੇਵਾ ਜਾਰੀ ਰੱਖਣ ਦੀ ਆਗਿਆ ਦਿੱਤੀ ਗਈ। ਸੋਹੀ ਮੁਤਾਬਕ ਤੇਜਿੰਦਰ ਸਿੰਘ 31 ਸਤੰਬਰ 2001 ਨੂੰ ਸੇਵਾਮੁਕਤ ਹੋਏ ਪਰ ਪੈਨਸ਼ਨ ਲਾਗੂ ਨਹੀਂ ਕੀਤੀ ਗਈ। ਕਈ ਸਾਲਾਂ ਤੱਕ 3 ਪੰਜਾਬ ਰੈਜੀਮੈਂਟ ਨਾਲ ਸੰਪਰਕ ਕਰਨ ’ਤੇ ਵੀ ਕੋਈ ਨਤੀਜਾ ਨਹੀਂ ਨਿਕਲਿਆ।
ਸ੍ਰੀ ਸੋਹੀ ਨੇ ਦੱਸਿਆ ਕਿ ਸਾਲ 2015 ਵਿੱਚ ਕਮਾਂਡ ਹਸਪਤਾਲ ਚੰਡੀਮੰਦਰ ਵਿੱਚ ਹੌਲਦਾਰ ਤੇਜਿੰਦਰ ਸਿੰਘ ਦਾ ਮੁੜ ਮੈਡੀਕਲ ਹੋਇਆ, ਜਿਸ ਵਿੱਚ 50 ਫੀਸਦੀ ਅਪੰਗਤਾ ਪੈਨਸ਼ਨ ਦੀ ਸਿਫਾਰਸ਼ ਕੀਤੀ ਗਈ ਪਰ ਇਹ ਵੀ ਅਮਲ ’ਚ ਨਹੀਂ ਲਿਆਂਦੀ ਗਈ। ਅੰਤ ਵਿੱਚ ਈ ਐੱਸ ਜੀ ਸੀ ਕੇਸ ਨੂੰ ਆਰਮਡ ਫੋਰਸ ਟ੍ਰਿਬਿਊਨਲ (ਏ ਐੱਫ ਟੀ) ਚੰਡੀਮੰਦਿਰ ਵਿੱਚ ਚੁੱਕਿਆ ਤੇ ਅਦਾਲਤ ਨੇ ਹੌਲਦਾਰ ਤੇਜਿੰਦਰ ਸਿੰਘ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਉਨ੍ਹਾਂ ਨੂੰ ਬੈਟਲ ਕੈਜ਼ੁਆਲਟੀ ਪੈਨਸ਼ਨ ਦੇਣ ਦੇ ਸਪੱਸ਼ਟ ਹੁਕਮ ਜਾਰੀ ਕਰ ਦਿੱਤੇ।
