ਯੁੱਧ ਨਸ਼ਿਆਂ ਵਿਰੁੱਧ: ਨਸ਼ਾ ਤਸ਼ਕਰਾਂ ਦੀ ਕੋਠੀ ਤੇ ਚੱਲਿਆ ਪੀਲਾ ਪੰਜਾ
ਕਰਮਜੀਤ ਸਿੰਘ ਚਿੱਲਾ
ਬਨੂੜ, 5 ਜੁਲਾਈ
ਬਨੂੜ ਦੇ ਵਾਰਡ ਨੰਬਰ ਸੱਤ ਦੇ ਮੁਹੱਲਾ ਸੈਣੀਆਂ ਦੇ ਨਸ਼ੇ ਦੇ ਪੰਜ ਮੁਕੱਦਮਿਆਂ ਵਿਚ ਨਾਮਜ਼ਦ ਦੋ ਭਰਾਵਾਂ ਦੀ ਕੋਠੀ ਉੱਤੇ ਅੱਜ ਪੀਲਾ ਪੰਜਾ ਚਲਿਆ। ਕੋਠੀ ਦੀ ਅਗਲੀ ਦੀਵਾਰ, ਗੇਟ, ਪਾਖਾਨੇ ਆਦਿ ਢਾਹ ਦਿੱਤੇ ਗਏ। ਪਟਿਆਲਾ ਦੇ ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਨੇ ਮੌਕੇ ’ਤੇ ਪਹੁੰਚ ਕੇ ਖ਼ੁਦ ਕਾਰਵਾਈ ਦੀ ਨਿਗਰਾਨੀ ਕੀਤੀ ਤੇ ਕਿਹਾ ਕਿ ਇਹ ਗੈਰਕਾਨੂੰਨੀ ਉਸਾਰੀ ਨੂੰ ਢਾਹੁਣ ਦੀ ਕਾਰਵਾਈ ਨਗਰ ਕੌਂਸਲ ਬਨੂੜ ਵੱਲੋਂ ਅੰਜਾਮ ਦਿੱਤੀ ਜਾ ਰਹੀ ਹੈ ਤੇ ਪੁਲੀਸ ਵੱਲੋਂ ਕੌਂਸਲ ਨੂੰ ਪੁਲੀਸ ਸੁਰੱਖਿਆ ਮੁਹੱਈਆ ਕਰਾਈ ਗਈ ਹੈ।
ਐੱਸਐੱਸਪੀ ਨੇ ਦੱਸਿਆ ਕਿ ਇਹ ਮਕਾਨ ਨਸ਼ਾ ਤਸਕਰੀ ’ਚ ਸ਼ਾਮਲ ਦੋ ਭਰਾਵਾਂ ਮੋਹਨ ਸਿੰਘ ਉਰਫ਼ ਮੋਗਲੀ ਅਤੇ ਵਿਕਰਮ ਸਿੰਘ ਵਿੱਕੀ ਨੇ ਨਾਜਾਇਜ਼ ਉਸਾਰੀ ਕਰਕੇ ਬਣਾਇਆ ਹੋਇਆ ਹੈ। ਦੋਵਾਂ ਭਰਾਵਾਂ ਖ਼ਿਲਾਫ਼ ਰਾਜਪੁਰਾ ਤੇ ਬਨੂੜ ਵਿੱਚ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੇ ਪੰਜ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ ਨਸ਼ਾ ਤਸਕਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਧੱਕਿਆ ਜਾ ਰਿਹਾ ਹੈ। ਇਸ ਮੌਕੇ ਐੱਸਪੀ ਵੈਭਵ ਚੌਧਰੀ, ਡੀਐੱਸਪੀ ਰਾਜਪੁਰਾ ਮਨਜੀਤ ਸਿੰਘ ਤੇ ਐਸਐਚਓ ਥਾਣਾ ਬਨੂੜ ਅਰਸ਼ਦੀਪ ਸ਼ਰਮਾ ਤੇ ਕੌਂਸਲ ਦੇ ਈਓ ਅਵਤਾਰ ਚੰਦ ਹਾਜ਼ਰ ਸਨ।
ਐਕੁਆਇਰ ਜ਼ਮੀਨ ਦੇ ਮਿਲੇ ਪੈਸਿਆਂ ਨਾਲ ਬਣਾਇਆ ਸੀ ਮਕਾਨ: ਸੁਰਜੀਤ ਸਿੰਘ
ਨਸ਼ਿਆਂ ਦੇ ਕੇਸਾਂ ’ਚ ਨਾਮਜ਼ਦ ਮੋਗਲੀ ਤੇ ਵਿੱਕੀ ਦੇ ਪਿਤਾ ਸੁਰਜੀਤ ਸਿੰਘ ਤੇ ਮਾਤਾ ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਤਿੰਨ ਪੁੱਤਰ ਹਨ ਤੇ ਸਾਰਾ
ਪਰਿਵਾਰ ਇਸੇ ਮਕਾਨ ’ਚ ਰਹਿੰਦਾ ਹੈ ਤੇ ਇਹ ਉਨ੍ਹਾਂ ਦੀ ਜੱਦੀ ਪੁਸ਼ਤੀ ਥਾਂ ਹੈ। ਉਨ੍ਹਾਂ ਕਿਹਾ ਕਿ ਇਹ ਮਕਾਨ ਉਨ੍ਹਾਂ ਨੇ 2023 ’ਚ ਸੜਕ ਲਈ ਐਕੁਆਇਰ ਹੋਈ ਜ਼ਮੀਨ ਦੇ ਇਵਜ਼ਾਨੇ ਵਜੋਂ ਮਿਲੀ 68 ਲੱਖ ਦੀ ਰਾਸ਼ੀ ਨਾਲ ਬਣਵਾਇਆ ਸੀ। ਨਗਰ ਕੌਂਸਲ ਬਨੂੜ ਵੱਲੋਂ ਉਨ੍ਹਾਂ ਨੂੰ ਚਾਰ ਦਿਨ ਪਹਿਲਾਂ ਮਕਾਨ ਦਾ ਨਕਸ਼ਾ ਪਾਸ ਨਾ ਕਰਾਏ ਜਾਣ ਸਬੰਧੀ ਨੋਟਿਸ ਭੇਜਿਆ ਗਿਆ ਸੀ ਤੇ ਉਹ ਉਸੇ ਦਿਨ ਤੋਂ ਨਗਰ ਕੌਂਸਲ ਕੋਲ ਨਕਸ਼ਾ ਤੇ ਹੋਰ ਫ਼ੀਸ ਭਰਨ ਲਈ ਗੇੜੇ ਮਾਰ ਰਹੇ ਹਨ। ਉਨ੍ਹਾਂ ਕਿਹਾ, ‘‘ਸਾਡੇ ਦੋ ਪੁੱਤਰ ਨਸ਼ਾ ਕਰਦੇ ਹਨ, ਜਿਨ੍ਹਾਂ ਖ਼ਿਲਾਫ਼ ਕੇਸ ਵੀ ਦਰਜ ਹਨ ਪਰ ਇਹ ਸਾਂਝਾ ਮਕਾਨ ਅਸੀਂ ਖ਼ੁਦ ਬਣਾਇਆ ਹੈ, ਜਿਸ ਨੂੰ ਬਿਨਾਂ ਕਿਸੇ ਸੁਣਵਾਈ ਤੋਂ ਢਾਹ ਕੇ ਨਗਰ ਕੌਂਸਲ ਤੇ ਪੁਲੀਸ ਨੇ ਧੱਕਾ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਉਹ ਇਸ ਕਾਰਵਾਈ ਖ਼ਿਲਾਫ਼ ਅਦਾਲਤ ’ਚ ਜਾਣਗੇ।