‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਨਾਲ ਪੰਜਾਬ ’ਚ ਨਸ਼ਿਆਂ ਨੂੰ ਠੱਲ੍ਹ ਪਈ: ਕੁਲਵੰਤ
ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਿੰਡ ਮੌਲੀ ਬੈਦਵਾਣ, ਸੁਖਗੜ੍ਹ, ਮਾਣਕ ਮਾਜਰਾ, ਦੁਰਾਲੀ-ਚਾਉਮਾਜਰਾ ਵਿੱਚ ਨਸ਼ਾ ਵਿਰੋਧੀ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਪੰਜਾਬ ਵਿਚ ਨਸ਼ਿਆਂ ਨੂੰ ਠੱਲ੍ਹ ਪਈ ਹੈ।
ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵੱਲੋਂ ਪੰਜਾਬ ਵਿੱਚੋਂ ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਲਈ ਬਣਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਕੋਹੜ ਲਗਾਤਾਰ ਵਧਦਾ ਗਿਆ, ਜਿਸ ਦੀ ਲਪੇਟ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਦੇ ਹਜ਼ਾਰਾਂ ਨੌਜਵਾਨ ਫਸ ਗਏ। ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਨੇ ਨਸ਼ਾ ਖ਼ਤਮ ਕਰਨ ਦੀ ਜੋ ਗਾਰੰਟੀ ਦਿੱਤੀ ਸੀ, ਉਹ ਪੂਰੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਰਾਜ ਵਿਚੋਂ ਹੁਣ ਤੱਕ ਲਗਭੱਗ 150 ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ’ਤੇ ਬੁਲਡੋਜ਼ਰ ਚਲਾਇਆ ਜਾ ਚੁੱਕਾ ਹੈ ਅਤੇ 22 ਹਜ਼ਾਰ ਤੋਂ ਵੱਧ ਨਸ਼ਾ ਤਸਕਰਾਂ ਨੂੰ ਫੜ੍ਹਿਆ ਜਾ ਚੁੱਕਾ ਹੈ। ਇਸ ਮੌਕੇ ਉਨ੍ਹਾਂ ਸਾਰੀਆਂ ਥਾਵਾਂ ਉੱਤੇ ਲੋਕਾਂ ਨੂੰ ਨਸ਼ਾ ਵਿਰੋਧੀ ਸਹੁੰ ਵੀ ਚੁਕਾਈ ਅਤੇ ਪਿੰਡਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਨ ਅਤੇ ਸੜਕਾਂ ਦੀ ਨੁਹਾਰ ਬਦਲਣ ਦਾ ਭਰੋਸਾ ਦਿਵਾਇਆ। ਇਸ ਮੌਕੇ ਐਸਡੀਐਮ ਦਮਨਦੀਪ ਕੌਰ, ਡੀਐਸਪੀ ਹਰਸਿਮਰਨ ਸਿੰਘ ਬੱਲ, ਗੁਰਸੇਵਕ ਸਿੰਘ ਸਰਪੰਚ ਮੌਲੀ, ਅਵਤਾਰ ਸਿੰਘ, ਹਰਜੋਤ ਸਿੰਘ ਗੱਬਰ, ਸਤਵਿੰਦਰ ਸਿੰਘ ਮਿੱਠੂ, ਭੁਪਿੰਦਰ ਸਿੰਘ, ਰਣਧੀਰ ਸਿੰਘ ਸਰਪੰਚ ਚਾਉਮਾਜਰਾ, ਮਲਕੀਤ ਸਿੰਘ ਸਰਪੰਚ ਦੁਰਾਲੀ, ਕੁਲਵੀਰ ਕੌਰ ਸਰਪੰਚ ਸੁਖਗੜ੍ਹ, ਪਰਮਜੀਤ ਕੌਰ ਸਰਪੰਚ ਮਾਣਕਮਾਜਰਾ, ਚੰਨਾ ਮਟੌਰ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ ਅਤੇ ਵਰਕਰ ਵੀ ਹਾਜ਼ਰ ਸਨ।
ਵਿਧਾਇਕ ਨੇ ਨਸ਼ਿਆਂ ਖ਼ਿਲਾਫ਼ ਸਹੁੰ ਚੁਕਾਈ
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਦੇ ਦੂਜੇ ਪੜਾਅ ਤਹਿਤ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਹਲਕੇ ਦੇ ਕਈ ਪਿੰਡਾਂ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕਰਦਿਆ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕੀਤਾ। ਉਨ੍ਹਾਂ ਪਿੰਡ ਪੰਜੋਲਾ, ਬਹਿਲੋਲਪੁਰ, ਪੋਲਾ ਅਤੇ ਮੀਆਂਪੁਰ ‘ਚ ਨਸ਼ਾ ਮੁਕਤੀ ਯਾਤਰਾ ਤਹਿਤ ਸੰਬੋਧਨ ਕੀਤਾ। ਉਨ੍ਹਾਂ ਪੰਚਾਇਤਾਂ ਵਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਸਨਮਾਨ ਵੀ ਕੀਤਾ ਅਤੇ ਨਸ਼ਿਆਂ ਖਿਲਾਫ਼ ਲੋਕਾਂ ਨੂੰ ਸਹੁੰ ਚੁਕਵਾਈ। ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੀਪਸਿਖਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।