ਪੈਦਲ ਯਾਤਰਾ: ਪ੍ਰੇਰਨਾ ਸਰੋਤ ਬਣਿਆ ਸ਼ਰਨਜੀਤ ਸਿੰਘ
ਚੰਡੀਗੜ੍ਹ, 11 ਜੂਨ
ਕਿਸਾਨ ਸ਼ਰਨਜੀਤ ਸਿੰਘ (57) ਰਾਏਪੁਰ ਕਲਾਂ ਪੈਦਲ ਧਾਰਮਿਕ ਯਾਤਰਾਵਾਂ ਰਾਹੀਂ ਹੋਰਨਾਂ ਲਈ ਪ੍ਰੇਰਨਾ ਸਰੋਤ ਹੈ। ਸ਼ਰਨਜੀਤ ਸਿੰਘ ਬੈਦਵਾਨ ਨੇ ਦੱਸਿਆ ਕਿ ਉਸ ਨੇ 25 ਮਈ ਨੂੰ ਤੜਕੇ 3:30 ਵਜੇ ਆਪਣੇ ਪਿੰਡ ਰਾਏਪੁਰ ਕਲਾਂ (ਚੰਡੀਗੜ੍ਹ) ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਪੈਦਲ ਯਾਤਰਾ ਸ਼ੁਰੂ ਕੀਤੀ ਸੀ ਅਤੇ 1 ਜੂਨ ਨੂੰ ਦਰਬਾਰ ਸਾਹਿਬ ਪਹੁੰਚ ਗਿਆ, ਫਿਰ 4 ਜੂਨ ਨੂੰ ਦਰਬਾਰ ਸਾਹਿਬ ਤੋਂ ਪੈਦਲ ਚੱਲ ਕੇ 10 ਜੂਨ ਨੂੰ ਆਪਣੇ ਘਰ ਪਰਤਿਆ। ਭਲਕੇ 12 ਜੂਨ ਨੂੰ ਉਹ ਆਪਣੀ ਅਗਲੀ ਪੈਦਲ ਯਾਤਰਾ ਸ੍ਰੀ ਹੇਮਕੁੰਟ ਸਾਹਿਬ ਵੱਲ ਕਰ ਰਿਹਾ ਹੈ।
ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ 1998 ਵਿੱਚ ਸਾਈਕਲ ਯਾਤਰਾ ਸ਼ੁਰੂ ਕੀਤੀ ਸੀ ਅਤੇ ਦਰਬਾਰ ਸਾਹਿਬ ਗਿਆ ਸੀ ਰਸਤੇ ਵਿੱਚ ਦੋਰਾਹਾ ਸ਼ਹਿਰ ਕੋਲ ਇੱਕ ਰਾਹਗੀਰ ਨੇ ਉਸ ਦਾ ਇਹ ਕਹਿ ਕੇ ਭਰਮ ਤੋੜਿਆ ਕਿ ਯਾਤਰਾ ਸਾਈਕਲ ’ਤੇ ਨਹੀਂ ਸਗੋਂ ਪੈਦਲ ਕੀਤੀ ਜਾਣੀ ਚਾਹੀਦੀ ਹੈ। ਉਸ ਤੋਂ ਬਾਅਦ ਸ਼ਰਨਜੀਤ ਨੇ ਸਾਈਕਲ ਦੀ ਬਜਾਇ ਪੈਦਲ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ ਅਤੇ ਅੱਜ ਤੱਕ ਯਾਤਰਾਵਾਂ ਦਾ ਸਿਲਸਿਲਾ ਜਾਰੀ ਹੈ। ਇਸ ਤੋਂ ਪਹਿਲਾਂ ਸਾਲ-2014 ਵਿੱਚ ਉਹ ਇੱਕ ਜਥੇ ਨਾਲ ਸਾਈਕਲਾਂ ਉੱਤੇ ਪੰਜ ਤਖਤਾਂ ਦੀ ਯਾਤਰਾ ਵੀ ਕਰ ਚੁੱਕਾ ਹੈ। ਉਹ ਹਰ ਰੋਜ਼ 35 ਤੋਂ 50 ਕਿਲੋਮੀਟਰ ਦਾ ਸਫਰ ਤੈਅ ਕਰਦਾ ਹੈ।