ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਸ਼ਾਮ 7 ਵਜੇ ਤੱਕ 51.33% ਫੀਸਦ ਪੋਲਿੰਗ

‘ਆਪ’, ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਕਿਸਮਤ ਈਵੀਐੱਮਜ਼ ’ਚ ਬੰਦ, 23 ਨੂੰ ਆਉਣਗੇ ਨਤੀਜੇ
Advertisement
ਗਗਨਦੀਪ ਅਰੋੜਾ
ਲੁਧਿਆਣਾ, 19 ਜੂਨ
ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਸਵੇਰੇ 7 ਵਜੇ ਸ਼ੁਰੂ ਹੋਇਆ ਵੋਟਿੰਗ ਦਾ ਅਮਲ ਸ਼ਾਮੀਂ 6 ਵਜੇ ਸਮਾਪਤ ਹੋ ਗਿਆ। ਸ਼ਾਮ ਸੱਤ ਵਜੇ ਤੱਕ 51.33 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ। ਸ਼ਾਮ 6 ਵਜੇ ਤੋਂ ਬਾਅਦ ਪੋਲਿੰਗ ਬੂਥ ਅੰਦਰ ਮੌਜੁਦ ਵੋਟਰਾਂ ਨੂੰ ਹੀ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ। ‘ਆਪ’ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਵਰਕਰਾਂ ਦਰਮਿਆਨ ਇੱਕਾ ਦੁੱਕਾ ਥਾਵਾਂ ’ਤੇ ਟਕਰਾਅ ਨੂੰ ਛੱਡ ਕੇ ਵੋਟਿੰਗ ਦਾ ਅਮਲ ਕੁੱਲ ਮਿਲਾ ਕੇ ਅਮਨ ਅਮਾਨ ਨਾਲ ਸਿਰੇ ਚੜ੍ਹ ਗਿਆ। ‘ਆਪ’ ਉਮੀਦਵਾਰ ਸੰਜੀਵ ਅਰੋੜਾ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ, ਭਾਜਪਾ ਦੇ ਜੀਵਨ ਗੁਪਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਸਿਆਸੀ ਕਿਸਮਤ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਈ। ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ। ਕਾਬਿਲੇਗੌਰ ਹੈ ਕਿ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ੱਕੀ ਹਾਲਾਤ ਵਿਚ ਹੋਈ ਮੌਤ ਕਰਕੇ ਲੁਧਿਆਣਾ ਪੱਛਮੀ ਸੀਟ ’ਤੇ ਜ਼ਿਮਨੀ ਚੋਣ ਕਰਵਾਉਣ ਦੀ ਲੋੜ ਪਈ ਸੀ।
ਪੁਲੀਸ ਤੇ ਪ੍ਰਸ਼ਾਸਨ ਵੱਲੋਂ ਇੱਥੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਕੁੱਲ 1.74 ਲੱਖ ਵੋਟਰ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਲਈ ਯੋਗ ਸਨ। ਪੋਲਿੰਗ ਸਟਾਫ਼ ਦੇ 776 ਮੁਲਾਜ਼ਮਾਂ ’ਤੇ ਅਧਾਰਿਤ 194 ਪਾਰਟੀਆਂ ਅੱਜ ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਰਹੀਆਂ। ਜ਼ਿਮਨੀ ਚੋਣ ਲਈ ਭਖੇ ਹੋਏ ਮਾਹੌਲ ਦੇ ਮੱਦੇਨਜ਼ਰ ਕੇਂਦਰੀ ਬਲਾਂ ਦੀਆਂ ਪੰਜ ਕੰਪਨੀਆਂ ਤਾਇਨਾਤ ਸਨ ਅਤੇ ਹਲਕੇ ਵਿੱਚ 1404 ਪੁਲੀਸ ਮੁਲਾਜ਼ਮ ਚੋਣ ਡਿਊਟੀ ’ਤੇ ਸਨ। ਜ਼ਿਮਨੀ ਚੋਣ ਨੂੰ ਦੇਖਦਿਆਂ 60 ਪੁਲੀਸ ਨਾਕੇ ਲਾਏ ਗਏ ਸਨ ਅਤੇ 19 ਗਸ਼ਤੀ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਸਨ।
‘ਆਪ’ ਉਮੀਦਵਾਰ ਸੰਜੀਵ ਅਰੋੜਾ ਤੇ ਉਨ੍ਹਾਂ ਦਾ ਪਰਿਵਾਰ ਵੋਟ ਪਾਊਣ ਮਗਰੋਂ ਉਂਗਲੀ ’ਤੇ ਲੱਗੀ ਸਿਆਹੀ ਦਿਖਾਉਂਦਾ ਹੋਇਆ। ਫੋਟੋ: ਹਿਮਾਂਸ਼ੂ ਮਹਾਜਨ

ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਮੈਦਾਨ ਵਿੱਚ ਇੱਕ ਮਹਿਲਾ ਸਮੇਤ ਕੁੱਲ 14 ਉਮੀਦਵਾਰ ਸਨ। ਵੋਟਾਂ ਪੈਣ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਹਲਕੇ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਸੀ। ਜਵਾਹਰ ਨਗਰ ਇਲਾਕੇ ਵਿੱਚ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਅਤੇ ਪੁਲੀਸ ਦਰਮਿਆਨ ਆਪਸੀ ਖਿੱਚੋਤਾਣ ਦੀ ਘਟਨਾ ਸਾਹਮਣੇ ਆਈ। ਆਸ਼ੂ ਨੇ ਕਿਹਾ ਕਿ ਉਨ੍ਹਾਂ ਦੇ ਵਰਕਰਾਂ ਨੇ ਰਾਸ਼ਨ ਵੰਡ ਰਹੇ ਇਕ ਵਿਅਕਤੀ ਨੂੰ ਫੜਿਆ ਹੈ ਅਤੇ ਪੁਲੀਸ ਨੇ ‘ਆਪ’ ਸਰਕਾਰ ਦੇ ਇਸ਼ਾਰੇ ’ਤੇ ਧੱਕੇਸ਼ਾਹੀ ਸ਼ੁਰੂ ਕਰ ਦਿੱਤੀ।

ਜ਼ਿਮਨੀ ਚੋਣ ’ਚ ਲੜ ਰਹੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਇਹ ਪਹਿਲੀ ਵਿਧਾਨ ਸਭਾ ਚੋਣ ਹੈ ਜਦੋਂ ਕਿ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੋ ਵਾਰ ਪਹਿਲਾਂ ਵੀ ਚੋਣ ਜਿੱਤੇ ਚੁੱਕੇ ਹਨ। ‘ਆਪ’ ਲਈ ਇਹ ਚੋਣ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਸੀ ਕਿਉਂਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਪੂਰਾ ਤਾਣ ਲਾਇਆ ਹੋਇਆ ਸੀ।

Advertisement

ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਵੋਟ ਪਾਉਣ ਮਗਰੋਂ ਉਂਗਲੀ ’ਤੇ ਲੱਗੀ ਸਿਆਹੀ ਦਿਖਾਉਂਦੇ ਹੋਏ।
ਇਸ ਦੌਰਾਨ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ, ਭਾਜਪਾ ਦੇ ਜੀਵਨ ਗੁਪਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਸ਼ਾਮਲ ਹਨ, ਨੇ ਆਪੋ ਆਪਣੇ ਪਰਿਵਾਰਾਂ ਨਾਲ ਵੋਟ ਪਾਉਣ ਲਈ ਪੋਲਿੰਗ ਬੂਥਾਂ ’ਤੇ ਪੁੱਜੇ।
ਭਾਜਪਾ ਉਮੀਦਵਾਰ ਜੀਵਨ ਗੁਪਤਾ ਤੇ ਉਨ੍ਹਾਂ ਦ ਪਰਿਵਾਰਕ ਮੈਂਬਰ ਉਂਗਲੀ ’ਤੇ ਲੱਗੀ ਸਿਆਹੀ ਦਿਖਾਉਂਦੇ ਹੋਏ। ਫੋਟੋ: ਹਿਮਾਂਸ਼ੂ
ਲੁਧਿਆਣਾ ਦੇ ਵੱਡੇ ਸਨਅਤਕਾਰਾਂ ’ਚੋਂ ਇਕ ਓਸਵਾਲ ਪਰਿਵਾਰ ਦੇ ਮੈਂਬਰ ਵੋਟ ਪਾਉਣ ਤੋਂ ਬਾਅਦ ਉਂਗਲੀ ’ਤੇ ਉਂਗਲੀ ’ਤੇ ਲੱਗੀ ਸਿਆਹੀ ਦਿਖਾਉਂਦੇ ਹੋਏ। ਫੋਟੋ: ਹਿਮਾਂਸ਼ੂ

ਦੂਸਰੇ ਪਾਸੇ ਪੰਜਾਬ ਕਾਂਗਰਸ ਦੀ ਆਪਸੀ ਧੜੇਬੰਦੀ ਵਿਚਾਲੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਲਈ ਰਾਹ ਸੁਖਾਲਾ ਨਹੀਂ ਹੈ। ਇਸ ਜ਼ਿਮਨੀ ਚੋਣ ਦੇ ਨਤੀਜੇ ਦਾ ਸਿੱਧਾ ਅਸਰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ’ਤੇ ਪੈਣਾ ਹੈ ਜਿਸ ਕਰਕੇ ਕੋਈ ਵੀ ਸਿਆਸੀ ਧਿਰ ਕਸਰ ਬਾਕੀ ਨਹੀਂ ਛੱਡ ਰਹੀ ਹੈ।

ਉੱਥੇ ਦੱਸਣਾ ਬਣਦਾ ਹੈ ਕਿ ਲੁਧਿਆਣਾ ਪੱਛਮੀ ਨਿਰੋਲ ਸ਼ਹਿਰੀ ਸੀਟ ਹੈ ਅਤੇ ਤਾਪਮਾਨ ਘਟਣ ਕਰਕੇ ਅੱਜ ਪੋਲਿੰਗ ਦਰ ਠੀਕ ਰਹਿਣ ਦੀ ਸੰਭਾਵਨਾ ਹੈ। ਪਹਿਲਾਂ ਵੀ ਕਦੇ ਇਸ ਹਲਕੇ ਦੀ ਪੋਲਿੰਗ ਦਰ 62 ਫ਼ੀਸਦੀ ਤੋਂ ਡਿੱਗੀ ਨਹੀਂ ਹੈ। ਇਸ ਹਲਕੇ ਤੋਂ ਛੇ ਵਾਰ ਕਾਂਗਰਸ ਪਾਰਟੀ ਜੇਤੂ ਰਹੀ ਹੈ। ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵੱਕਾਰ ਵੀ ਹਲਕੇ ਨਾਲ ਜੁੜਿਆ ਹੋਇਆ ਹੈ ਜਿੱਥੋਂ ਭਾਜਪਾ ਦੇ ਜੀਵਨ ਗੁਪਤਾ ਮੈਦਾਨ ਵਿੱਚ ਹਨ। ਉਨ੍ਹਾਂ ਦੇ ਚੋਣ ਪ੍ਰਚਾਰ ਵਿੱਚ ਕਈ ਦਿੱਗਜ ਆਗੂ ਆ ਚੁੱਕੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪ੍ਰਚਾਰ ਦੇ ਆਖ਼ਰੀ ਦਿਨਾਂ ਵਿੱਚ ਪਾਰਟੀ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਹਮਾਇਤ ਵਿੱਚ ਹੰਭਲਾ ਮਾਰਿਆ ਹੈ। ਪ੍ਰਸ਼ਾਸਨ ਵੱਲੋਂ ਅੱਜ ਲੁਧਿਆਣਾ ਵਿੱਚ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ। ਇਸ ਦੌਰਾਨ ਜਨਰਲ ਅਬਜ਼ਰਵਰ ਦੀ ਅਗਵਾਈ ਹੇਠ 66 ਮਾਈਕਰੋ ਅਬਜ਼ਰਵਰ ਲਾਏ ਗਏ ਹਨ। ‘ਆਪ’ ਅਤੇ ਕਾਂਗਰਸ ਵਿੱਚ ਸਿਰ-ਧੜ ਦੀ ਬਾਜ਼ੀ ਲੱਗੀ ਹੋਣ ਕਰਕੇ ਮਾਹੌਲ ਵਿੱਚ ਕਾਫ਼ੀ ਤਲਖ਼ੀ ਬਣੀ ਹੋਈ ਹੈ।

Advertisement
Tags :
Ludhiana West by-election