‘ਵੋਟ ਚੋਰ, ਗੱਦੀ ਛੋੜ’ ਦਸਤਖ਼ਤ ਮੁਹਿੰਮ ਨੇ ਜ਼ੋਰ ਫੜਿਆ
ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਚੰਡੀਗੜ੍ਹ ਕਾਂਗਰਸ ਵੱਲੋਂ ਸ਼ੁਰੂ ਕੀਤੀ ‘ਵੋਟ ਚੋਰ, ਗੱਦੀ ਛੋੜ’ ਦਸਤਖ਼ਤ ਮੁਹਿੰਮ ਨੂੰ ਪੂਰੇ ਸ਼ਹਿਰ ਵਿੱਚ ਭਾਰੀ ਹਮਾਇਤ ਮਿਲ ਰਹੀ ਹੈ। ਅੱਜ ਚੰਡੀਗੜ੍ਹ ਕਾਂਗਰਸ ਦੇ ਘੱਟ ਗਿਣਤੀ ਵਿੰਗ ਵੱਲੋਂ ਸ਼ਹਿਰ ਦੇ 5,500 ਤੋਂ ਵੱਧ ਲੋਕਾਂ ਦੇ ਦਸਤਖ਼ਤ ਕਰਵਾ ਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ. ਲੱਕੀ ਨੂੰ ਸੌਂਪੇ। ਇਸ ਮੌਕੇ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਆਸਿਫ਼ ਚੌਧਰੀ, ਮੁਹੰਮਦ ਸਾਦਿਕ, ਜ਼ਾਹਿਦ ਪਰਵੇਜ਼ ਖ਼ਾਨ, ਮੁਕੇਸ਼ ਕੁਮਾਰ, ਡਾ. ਇਰਸ਼ਾਦ ਹਸਨ, ਮੁਹੰਮਦ ਸੁਲੇਮਾਨ ਮੌਜੂਦ ਸਨ। ਇਸ ਮੌਕੇ ਸ੍ਰੀ ਲੱਕੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਲੋਕਤੰਤਰ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸੱਤਾ ਹਥਿਆਉਣ ਲਈ ਦੇਸ਼ ਵਿੱਚ ਚੋਣ ਪ੍ਰੀਕਿਰਿਆ ਨਾਲ ਵੀ ਛੇੜਛਾੜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਚੰਡੀਗੜ੍ਹ ਵਿੱਚ ਹੁਣ ਤੱਕ 50 ਹਜ਼ਾਰ ਤੋਂ ਵੱਧ ਲੋਕਾਂ ਦੇ ਦਸਤਖਤ ਕਰਵਾ ਲਏ ਗਏ ਹਨ, ਜਦੋਂ ਕਿ ਪਾਰਟੀ ਵੱਲੋਂ ਇਕ ਲੱਖ ਦਾ ਟੀਚਾ ਮਿਥਿਆ ਗਿਆ ਹੈ।
ਸ੍ਰੀ ਲੱਕੀ ਨੇ ਕਿਹਾ ਕਿ ਭਾਜਪਾ ਦੇ 11 ਸਾਲਾਂ ਦੇ ਰਾਜ ਦੌਰਾਨ ਦੇਸ਼ ਵਿੱਚ ਬੇਰੁਜ਼ਗਾਰੀ ਤੇ ਮਹਿੰਗਾਈ ਦੀ ਦਰ ਵਧੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਭਾਜਪਾ ਦੇ ਲੋਕ ਵਿਰੋਧੀ ਫੈਸਲਿਆਂ ਬਾਰੇ ਵੀ ਲੋਕਾਂ ਨੂੰ ਜਾਣੂੰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਵਿਕਾਸ ਦੀ ਥਾਂ ਧਰਮ ਅਤੇ ਜਾਤ ਦੇ ਨਾਮ ’ਤੇ ਵੰਡ ਪਾਓ ਰਾਜਨੀਤੀ ਕੀਤੀ ਜਾ ਰਹੀ ਹੈ।