ਵੋਟ ਚੋਰੀ: ਪੰਜਾਬ ਕਾਂਗਰਸ ਨੇ ਭਾਜਪਾ ਸਰਕਾਰ ਖ਼ਿਲਾਫ਼ ਮੁਹਾਲੀ ’ਚ ਕੱਢਿਆ ਕੈਂਡਲ ਮਾਰਚ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਕਾਂਗਰਸੀ ਵਰਕਰਾਂ ਸਮੇਤ, ਅੰਬ ਸਾਹਿਬ ਗੁਰਦੁਆਰੇ ਸਾਹਮਣੇ ਭਾਜਪਾ ਸਰਕਾਰ ਵੱਲੋਂ ਹੋ ਰਹੀ ਵੋਟ ਚੋਰੀ (Vote Chori) ਦੇ ਖ਼ਿਲਾਫ਼ ਬੀਤੀ ਰਾਤ ਇੱਕ ਕੈਂਡਲ ਮਾਰਚ ਕੀਤਾ ਗਿਆ।
ਇਹ ਮਾਰਚ ਲੋਕਤੰਤਰ ਅਤੇ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਦੀ ਰਾਖੀ ਕਰਨ ਅਤੇ ਦੇਸ਼ ਦੇ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਗਿਆ।
ਬਲਬੀਰ ਸਿੱਧੂ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਵੱਖ-ਵੱਖ ਰਾਜਾਂ ਵਿਚ ਵੋਟਰ ਲਿਸਟਾਂ ਨਾਲ ਛੇੜਛਾੜ ਕੀਤੀ ਗਈ ਹੈ — ਜਿਵੇਂ ਕਿ ਮਹਾਰਾਸ਼ਟਰ ਵਿਚ 1 ਕਰੋੜ ਤੋਂ ਵੱਧ ਨਵੇਂ ਨਾਮ ਜੋੜੇ ਗਏ ਤੇ ਬਿਹਾਰ ਵਿੱਚ ਲੱਖਾਂ ਨਾਂ ਹਟਾਏ ਗਏ ਹਨ — ਜੋ ਕਿ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਨੀਂਹ ਹਨ।
ਰਾਜਾ ਵੜਿੰਗ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਿਰਫ਼ ਕਾਂਗਰਸ ਦੀ ਲੜਾਈ ਨਹੀਂ, ਇਹ ਲੋਕਤੰਤਰ ਦੀ ਰਾਖੀ ਕਰਨ ਵਾਲੇ ਹਰ ਨਾਗਰਿਕ ਦੀ ਲੜਾਈ ਹੈ। ਅਸੀਂ ਦੇਸ਼ ਦੇ ਹਰੇਕ ਕੋਨੇ 'ਚ ਇਹ ਸੱਚਾਈ ਪਹੁੰਚਾਵਾਂਗੇ।"
ਵੜਿੰਗ ਨੇ ਕਿਹਾ ਕਿ ਮਹਾਦੇਵਪੁਰਾ ਸਿਰਫ਼ ਇੱਕ ਕੇਸ ਸਟੱਡੀ ਸੀ, ਕਿਉਂਕਿ ਦੇਸ਼ ਭਰ ਵਿੱਚ ਕਈ ਪਾਰਲੀਮਾਨੀ ਹਲਕੇ ਹਨ, ਜਿੱਥੇ ਭਾਜਪਾ ਨੇ ਇਸ ਤਰ੍ਹਾਂ ਦੀ ਧੋਖਾਧੜੀ ਨਾਲ ਜਿੱਤ ਪ੍ਰਾਪਤ ਕੀਤੀ ਹੈ।
ਵੜਿੰਗ ਨੇ ਸ਼੍ਰੀ ਰਾਹੁਲ ਗਾਂਧੀ ਵਲੋਂ ਕੀਤੇ ਖੁਲਾਸੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੋਦੀ ਆਪਣੇ ਸਹਿਯੋਗੀਆਂ ਦੇ ਥੋੜ੍ਹੇ ਜਿਹੇ ਬਹੁਮਤ ਨਾਲ ਹੀ ਪ੍ਰਧਾਨ ਮੰਤਰੀ ਹਨ। ਜੇਕਰ ਉਹ 25 ਸੀਟਾਂ ਹੋਰ ਹਾਰ ਜਾਂਦੇ, ਤਾਂ ਅੱਜ ਉਹ ਪ੍ਰਧਾਨ ਮੰਤਰੀ ਨਾ ਹੁੰਦੇ। ਜਦਕਿ ਇਹ ਤੱਥ ਹੈ ਕਿ ਉਨ੍ਹਾਂ ਨੇ ਮਹਾਦੇਵਪੁਰਾ ਵਿੱਚ ਕੀਤੀ ਗਈ ਧੋਖਾਧੜੀ ਦੀ ਤਰ੍ਹਾਂ ਘੱਟੋ-ਘੱਟ 70 ਸੀਟਾਂ ਜਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਹੁਣ ਭਾਜਪਾ ਬਿਹਾਰ ਵਿੱਚ ਉਹੀ ਚਾਲ ਇੱਕ ਵੱਖਰੇ ਤਰੀਕੇ ਨਾਲ ਵਰਤ ਰਹੀ ਹੈ। ਉਨ੍ਹਾਂ ਵੋਟਰਾਂ ਨੂੰ ਹਟਾਇਆ ਜਾ ਰਿਹਾਂ ਹੈ, ਜਿਨ੍ਹਾਂ ਬਾਰੇ ਉਹ ਸੋਚਦੀ ਹੈ ਕਿ ਇਹ ਭਾਜਪਾ ਨੂੰ ਵੋਟ ਨਹੀਂ ਦੇਣਗੇ।
ਪ੍ਰਤਾਪ ਬਾਜਵਾ ਨੇ ਕਿਹਾ ਕਿ ਭਾਜਪਾ ਹੁਣ ਬੇਨਕਾਬ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਵੇਂ ਗ੍ਰਾਫਿਕ ਵੇਰਵਿਆਂ ਨਾਲ ਸਾਬਤ ਕੀਤਾ ਕਿ ਕਿਸ ਤਰ੍ਹਾਂ ਕਰਨਾਟਕ ਦੇ ਮਹਾਦੇਵਪੁਰਾ ਵਿਧਾਨ ਸਭਾ ਖੇਤਰ ਵਿੱਚ ਭਾਜਪਾ ਨੇ ਇੱਕ ਲੱਖ ਜਾਅਲੀ ਵੋਟਰ ਸ਼ਾਮਲ ਕੀਤੇ ਸਨ। ਇਸੇ ਤਰ੍ਹਾਂ, ਬੇਂਗਲੁਰੂ ਕੇਂਦਰੀ ਸੰਸਦੀ ਹਲਕੇ ਦੇ ਅਧੀਨ ਆਉਣ ਵਾਲੇ ਇਸ ਵਿਧਾਨ ਸਭਾ ਖੇਤਰ ਤੋਂ ਭਾਜਪਾ ਨੂੰ 1.16 ਲੱਖ ਵੋਟਾਂ ਦੀ ਲੀਡ ਮਿਲੀ ਸੀ। ਜਿਸ ਨਾਲ ਪਾਰਟੀ ਨੇ ਉਹ ਸੀਟ ਸਿਰਫ਼ 32 ਹਜ਼ਾਰ ਵੋਟਾਂ ਨਾਲ ਜਿੱਤੀ ਸੀ। ਜੇਕਰ ਭਾਜਪਾ ਨੇ ਜਾਅਲੀ ਵੋਟਾਂ ਨਾ ਬਣਾਈਆਂ ਹੁੰਦੀਆਂ, ਤਾਂ ਇਹ ਇਸ ਹਲਕੇ ਤੋਂ ਬੁਰੀ ਤਰ੍ਹਾਂ ਹਾਰ ਜਾਂਦੀ।
ਕੈਂਡਲ ਮਾਰਚ ਦੌਰਾਨ ਵਰਕਰਾਂ ਨੇ "Vote Chori ਬੰਦ ਕਰੋ, ਲੋਕਤੰਤਰ ਬਚਾਉ" ਵਰਗੇ ਨਾਅਰੇ ਲਾਏ ਅਤੇ ਭਾਜਪਾ ਸਰਕਾਰ ਨੂੰ ਜਵਾਬਦੇਹ ਬਣਾਉਣ ਦੀ ਮੰਗ ਕੀਤੀ।
ਪੰਜਾਬ ਕਾਂਗਰਸ ਨੇ ਆਖ਼ਰ ਵਿਚ ਐਲਾਨ ਕੀਤਾ ਕਿ ਜੇ ਤੁਰੰਤ ਅਤੇ ਪਾਰਦਰਸ਼ੀ ਜਾਂਚ ਨਾ ਕਰਵਾਈ ਗਈ ਤਾਂ ਇਹ ਅੰਦੋਲਨ ਹੋਰ ਵੱਡਾ ਰੂਪ ਧਾਰ ਲਵੇਗਾ।