ਵਣਜ ਤੇ ਉਦਯੋਗ ਮੰਤਰਾਲੇ ਦੇ ਸੰਯੁਕਤ ਸਕੱਤਰ ਦਾ ਦੌਰਾ
ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਸੰਯੁਕਤ ਸਕੱਤਰ ਗੁਰਨੀਤ ਤੇਜ ਆਈ ਏ ਐੱਸ ਨੇ ਚੰਡੀਗੜ੍ਹ ਵਿੱਚ ‘ਜਲ ਸ਼ਕਤੀ ਅਭਿਆਨ: ਕੈਚ ਦਿ ਬਾਰਿਸ਼ 2025’ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇੱਕ ਵਿਆਪਕ ਖੇਤਰੀ ਦੌਰਾ ਕੀਤਾ ।
ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਆਈ ਏ ਐੱਸ ਨੇ ਸੰਯੁਕਤ ਸਕੱਤਰ ਦਾ ਨਿੱਘਾ ਸਵਾਗਤ ਕੀਤਾ। ਸੰਯੁਕਤ ਸਕੱਤਰ ਨੇ ਸ਼ਹਿਰ ਭਰ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਪ੍ਰਣਾਲੀਆਂ, ਅੰਮ੍ਰਿਤ ਸਰੋਵਰਾਂ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ (ਐੱਸ ਟੀ ਪੀ) ਸਣੇ ਮੁੱਖ ਜਲ ਸੰਭਾਲ ਸੰਪਤੀਆਂ ਦਾ ਨਿਰੀਖਣ ਕੀਤਾ। ਉਨ੍ਹਾਂ ਚੰਡੀਗੜ੍ਹ ਦੇ ਕੁਸ਼ਲ ਜਲ ਪ੍ਰਬੰਧਨ ਅਭਿਆਸਾਂ ’ਤੇ ਸੰਤੁਸ਼ਟੀ ਪ੍ਰਗਟ ਕੀਤੀ।
ਗੁਰਨੀਤ ਤੇਜ ਨੇ ਗੁਆਂਢੀ ਖੇਤਰਾਂ ਮੁਹਾਲੀ, ਪੰਚਕੂਲਾ ਅਤੇ ਜ਼ੀਰਕਪੁਰ ਨੂੰ ਸ਼ਾਮਲ ਕਰਦਿਆਂ ਇੱਕ ਅੰਤਰਰਾਜੀ ਜਲ ਭੰਡਾਰ ਪ੍ਰਬੰਧਨ ਨੀਤੀ ਵਿਕਸਿਤ ਕਰਨ ਦੀ ਸਿਫਾਰਿਸ਼ ਕੀਤੀ।
ਉਨ੍ਹਾਂ ਨਗਰ ਨਿਗਮ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੋਰ ਵਿਗਿਆਨਕ ਅਤੇ ਟਿਕਾਊ ਨਤੀਜਿਆਂ ਲਈ ਭੂਮੀਗਤ ਜਲ ਭੰਡਾਰ ਯੋਜਨਾਵਾਂ ਦੀ ਯੋਜਨਾ ਬਣਾਉਂਦੇ ਸਮੇਂ ਕੇਂਦਰੀ ਭੂਮੀਗਤ ਜਲ ਬੋਰਡ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ। ਸੰਯੁਕਤ ਸਕੱਤਰ ਨੇ ਐੱਮ ਡਬਲਿਊ ਏ ਅਤੇ ਆਰ ਡਬਲਿਊ ਏ ਨੂੰ ਸ਼ਹਿਰ ਦੇ ਪਾਣੀ ਦੇ ਲਚਕੀਲੇਪਣ ਨੂੰ ਮਜ਼ਬੂਤ ਕਰਨ ਲਈ ਭਾਈਚਾਰਕ ਪੱਧਰ ’ਤੇ ਮੀਂਹ ਦੇ ਪਾਣੀ ਦੀ ਸੰਭਾਲ ਪ੍ਰਣਾਲੀਆਂ ਨੂੰ ਅਪਣਾਉਣ ਲਈ ਵੀ ਉਤਸ਼ਾਹਿਤ ਕੀਤਾ। ਚੰਡੀਗੜ੍ਹ ਦੀਆਂ ਮਿਸਾਲੀ ਪਹਿਲਕਦਮੀਆਂ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਤਾਕੀਦ ਕੀਤੀ ਕਿ ਸ਼ਹਿਰ ਦੇ ਸਭ ਤੋਂ ਵਧੀਆ ਅਭਿਆਸਾਂ ਨੂੰ ਵਿਆਪਕ ਤੌਰ ’ਤੇ ਪ੍ਰਦਰਸ਼ਿਤ ਕੀਤਾ ਜਾਵੇ।
