ਪਿੰਡ ਮਾਣੇਮਾਜਰਾ ਵਾਸੀਆਂ ਵੱਲੋਂ ਪਰਵਾਸੀਆਂ ਦੇ ਮੁੱਦੇ ’ਤੇ ਮੀਟਿੰਗ
ਨਗਰ ਕੌਂਸਲ ਚਮਕੌਰ ਸਾਹਿਬ ਵਿੱਚ ਪੈਂਦੇ ਪਿੰਡ ਮਾਣੇਮਾਜਰਾ ਦੇ ਵਸਨੀਕਾਂ ਦੀ ਪਰਵਾਸੀਆਂ ਦੇ ਮੁੱਦੇ ਨੂੰ ਲੈ ਕੇ ਮੀਟਿੰਗ ਗੁਰਮੀਤ ਸਿੰਘ ਸਾਬਕਾ ਸਰਪੰਚ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਪਿੰਡ ਵਾਸੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਦੌਰਾਨ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਪਰਵਾਸੀ ਮਜ਼ਦੂਰਾਂ ਵੱਲੋਂ ਕੀਤੀਆਂ ਜਾ ਰਹੀਆਂ ਅਪਰਾਧਿਕ ਕਾਰਵਾਈਆਂ ਅਤੇ ਗੁੱਜਰ ਭਾਈਚਾਰੇ ਦੀਆਂ ਮੱਝਾਂ ਵੱਲੋਂ ਫ਼ਸਲਾਂ ਅਤੇ ਦਰਖਤਾਂ ਦੇ ਕੀਤੇ ਜਾ ਰਹੇ ਉਜਾੜੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਗੁਰਵਿੰਦਰ ਸਿੰਘ ਸੋਨਾ ਨੇ ਦੱਸਿਆ ਕਿ ਇਸ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਪਰਵਾਸੀ ਪਰਿਵਾਰ ਕਿਰਾਏ ਤੇ ਰਹਿ ਰਹੇ ਹਨ, ਜਿਨ੍ਹਾਂ ਦੀ ਸਬੰਧਤ ਮਕਾਨ ਮਾਲਕਾਂ ਵੱਲੋਂ ਜਾਂ ਪੁਲੀਸ ਪ੍ਰਸ਼ਾਸਨ ਵੱਲੋਂ ਕੋਈ ਪੁਲੀਸ ਵੈਰੀਫਿਕੇਸ਼ਨ ਨਹੀਂ ਕੀਤੀ ਗਈ। ਮੀਟਿੰਗ ਵਿੱਚ ਕਿਹਾ ਗਿਆ ਕਿ ਪਰਵਾਸੀਆਂ ਨੂੰ ਪਿੰਡ ਵਿੱਚ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਜੇਕਰ ਕਿਸੇ ਪਿੰਡ ਵਾਸੀ ਨੇ ਆਪਣੇ ਕਿਸੇ ਕੰਮਕਾਰ ਲਈ ਕਿਸੇ ਪਰਵਾਸੀ ਮਜ਼ਦੂਰ ਨੂੰ ਰੱਖਣਾ ਹੈ ਤਾਂ ਉਹ ਆਪਣੀ ਮੋਟਰ ’ਤੇ ਰੱਖ ਸਕਦਾ ਹੈ। ਮੀਟਿੰਗ ਵਿੱਚ ਗੁੱਜਰ ਭਾਈਚਾਰੇ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਆਪਣੀਆਂ ਮੱਝਾਂ ਨੂੰ ਪਿੰਡ ਦੀਆਂ ਗਲੀਆਂ ਤੇ ਆਸ ਪਾਸ ਦੀਆਂ ਸੜਕਾਂ ਵਿੱਚ ਖੁੱਲ੍ਹਾ ਛੱਡਣ ’ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਗਿਆ, ਕਿਉਂਕਿ ਇਨ੍ਹਾਂ ਮੱਝਾਂ ਵੱਲੋਂ ਜਿੱਥੇ ਕਿਸਾਨਾਂ ਦੀ ਫਸਲਾਂ ਨੂੰ ਵੱਡੀ ਪੱਧਰ ’ਤੇ ਬਰਬਾਦ ਕੀਤਾ ਜਾਂਦਾ ਹੈ, ਉੱਥੇ ਹੀ ਪੰਜਾਬ ਸਰਕਾਰ, ਨਰੇਗਾ ਸਕੀਮ ਅਤੇ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਤੇ ਪਿੰਡ ਦੀਆਂ ਵੱਖ ਵੱਖ ਥਾਂਵਾਂ ਤੇ ਲਗਾਏ ਗਏ ਬੂਟਿਆਂ ਦਾ ਵੀ ਇਨ੍ਹਾਂ ਪਸ਼ੂਆਂ ਵੱਲੋਂ ਉਜਾੜਾ ਕਰਕੇ ਆਰਥਿਕ ਨੁਕਸਾਨ ਕੀਤਾ ਜਾਂਦਾ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਉਪਰੋਕਤ ਦੋਨੋਂ ਮੁੱਦਿਆਂ ਦੀ ਪ੍ਰੋੜਤਾ ਕਰਵਾਉਣ ਲਈ 28 ਸਤੰਬਰ ਨੂੰ ਸਮੂਹ ਪਿੰਡ ਵਾਸੀਆਂ ਦੀ ਮੁੜ ਮੀਟਿੰਗ ਸੱਦੀ ਗਈ ਹੈ,ਜਿਸ ਵਿੱਚ ਇਸ ਸਬੰਧੀ ਬਕਾਇਦਾ ਮਤਾ ਪਾਸ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਉਪਰੋਕਤ ਮੁੱਦਿਆਂ ਨਾਲ ਨਗਰ ਪੰਚਾਇਤ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ ਵੱਲੋਂ ਪੂਰੀ ਤਰ੍ਹਾਂ ਸਹਿਮਤੀ ਪ੍ਰਗਟ ਕੀਤੀ ਗਈ ਹੈ। ਇਸ ਮੌਕੇ ਜੋਗਾ ਸਿੰਘ, ਸਤਵਿੰਦਰ ਸਿੰਘ ,ਸੰਤ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸਿੰਘ ਜੱਸਾ, ਗਗਨਦੀਪ ਸਿੰਘ, ਕੁਲਵੀਰ ਸਿੰਘ ਰਣਧੀਰ ਸਿੰਘ, ਗੁਰਮਿੰਦਰ ਸਿੰਘ ਅਤੇ ਨਾਜਰ ਸਿੰਘ ਆਦਿ ਹਾਜ਼ਰ ਸਨ।