ਵਿਕਾਸ ਨਗਰ ਵਾਸੀਆਂ ਦਾ ਪਾਣੀ ਦੀ ਤੋਟ ਖ਼ਿਲਾਫ਼ ਮੁਜ਼ਾਹਰਾ
ਬਲਟਾਣਾ ਦੇ ਵਿਕਾਸ ਨਗਰ ਵਿੱਚ ਪਾਣੀ ਦੀ ਕਿੱਲਤ ਕਾਰਨ ਅੱਜ ਲੋਕਾਂ ਖਾਲੀ ਭਾਂਡੇ ਲੈ ਕੇ ਸੜਕ ’ਤੇ ਜਾਮ ਕਰ ਨਗਰ ਕੌਂਸਲ ਦਾ ਪਿੱਟ ਸਿਆਪਾ ਕੀਤਾ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਮੱਸਿਆ ਹੱਲ ਕਰਨ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਛੇਤੀ ਮਸਲਾ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਵਿੱਚ ਲੰਘੇ ਦਿਨੀਂ ਸੀਵਰੇਜ ਦੀ ਪਾਈਪਲਾਈਨ ਦੀ ਖੁਦਾਈ ਦੌਰਾਨ ਪਾਣੀ ਦੀ ਪਾਈਪਲਾਈਨ ਤੋੜ ਦਿੱਤੀ ਗਈ। ਸਿੱਟੇ ਵਜੋਂ ਉਨ੍ਹਾਂ ਦੀ ਕਲੋਨੀ ਸਮੇਤ ਨੇੜਲੀਆਂ ਕਲੋਨੀਆਂ ’ਚ ਚਾਰ ਦਿਨਾਂ ਤੋਂ ਪਾਣੀ ਦੀ ਕਿੱਲਤ ਹੈ। ਸੀਵਰੇਜ ਬੋਰਡ ਦੇ ਅਧਿਕਾਰੀ ਹੱਲ ਭਰੋਸਾ ਦੇ ਰਹੇ ਹਨ ਪਰ ਸਥਿਤੀ ਜਿਓਂ ਦੀ ਤਿਉਂ ਹੈ। ਪ੍ਰੇਸ਼ਾਨ ਹੋ ਕੇ ਲੋਕਾਂ ਨੇ ਅੱਜ ਬਾਅਦ ਦੁਪਹਿਰ ਪੰਚਕੂਲਾ ਕਾਲਕਾ ਹਾਈਵੇ ਦੇ ਨਾਲ ਸਰਵਿਸ ਰੋਡ ’ਤੇ ਕਰੀਬ ਇੱਕ ਘੰਟਾ ਜਾਮ ਲਾ ਕੇ ਨਗਰ ਕੌਂਸਲ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਕੀਤਾ। ਨਗਰ ਕੌਂਸਲ ਦੇ ਜੇਈ ਰਵਨੀਤ ਸਿੰਘ ਨੇ ਦੱਸਿਆ ਕਿ ਟੁੱਟੀ ਪਾਈਪ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਤੇ ਸਮੱਸਿਆ ਹੱਲ ਹੋ ਜਾਵੇਗੀ।
ਪਾਣੀ ਦੀ ਕਿੱਲਤ ਤੋਂ ਲੋਕ ਪ੍ਰੇਸ਼ਾਨ
ਖਰੜ (ਸ਼ਸ਼ੀ ਪਾਲ ਜੈਨ): ਖਰੜ ਦੀਆਂ ਕਲੋਨੀਆਂ ’ਚ ਰਹਿੰਦੇ ਵਸਨੀਕਾਂ ਨੇ ਆਪਣੀਆਂ ਸਮੱਸਿਆਵਾਂ ਸਬੰਧੀ ਜ਼ਿਲ੍ਹਾ ਕਾਂਗਰਸ ਦੇ ਉਪ ਪ੍ਰਧਾਨ ਡਾ. ਰਘਵੀਰ ਸਿੰਘ ਬੰਗੜ ਨਾਲ ਮੁਲਾਕਾਤ ਕੀਤੀ। ਅੰਬਿਕਾ ਵਿਹਾਰ, ਮਾਨਵ ਐਨਕਲੇਵ ਅਤੇ ਚੰਡੀਗੜ੍ਹ ਐਨਕਲੇਵ ਦੇ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ 10 ਦਿਨਾਂ ਤੋਂ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਪਾਣੀ ਦੀ ਮੋਟਰ ਖ਼ਰਾਬ ਹੋ ਜਾਂਦੀ ਤਾਂ ਨਗਰ ਕੌਂਸਲ ਵਲੋਂ ਕਈ-ਕਈ ਦਿਨ ਮੋਟਰ ਠੀਕ ਨਹੀਂ ਕੀਤੀ ਜਾਂਦੀ। ਬੰਗੜ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਇਸ ਸਬੰਧੀ ਸਬੰਧਤ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਜਿਨ੍ਹਾਂ ਕੋਲ ਰਿਪੇਅਰ ਦਾ ਠੇਕਾ ਹੈ, ਉਨਾਂ ਕੋਲ ਕੰਮ ਕਰਨ ਵਾਲੇ ਵਿਅਕਤੀ ਘੱਟ ਹਨ। ਇਸ ਸਬੰਧੀ ਜਦੋਂ ਉਹ ਅਧਿਕਾਰੀਆਂ ਕੋਲ ਦਫ਼ਤਰ ਗਏ ਤਾਂ ਮੌਕੇ ’ਤੇ ਕਾਰਜਸਾਧਕ ਅਫਸਰ, ਐੱਸ ਡੀ ਓ ਜਾਂ ਜੇ ਈ ਮੌਜੂਦ ਨਹੀਂ ਸੀ।
ਪਾਣੀ ਦੀ ਸਪਲਾਈ ਰਹੇਗੀ ਪ੍ਰਭਾਵਿਤ
ਐੱਸ ਏ ਐੱਸ ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਮੁਹਾਲੀ ਸ਼ਹਿਰ ਦੇ ਕੁੱਝ ਹਿੱਸਿਆਂ ਦੀ ਪੀਣ ਵਾਲੇ ਪਾਣੀ ਦੀ ਸਪਲਾਈ 10 ਦਸੰਬਰ ਨੂੰ ਪ੍ਰਭਾਵਿਤ ਰਹੇਗੀ। ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ 2 ਦੇ ਕਾਰਜਕਾਰੀ ਇੰਜਨੀਅਰ ਨੇ ਦੱਸਿਆ ਕਿ ਵਾਟਰ ਸਪਲਾਈ ਵਿਭਾਗ ਵਲੋਂ ਸੈਕਟਰ 39 ਤੇ ਫੇਜ਼ 6 ਨੂੰ ਜਾਣ ਵਾਲੀ ਰਾਅ ਵਾਟਰ ਪਾਈਪ ਵਿੱਚ ਮੈਕਸ ਹਸਪਤਾਲ ਨੇੜੇ ਲੀਕੇਜ ਹੋਣ ਕਾਰਨ ਮੁਰੰਮਤ ਕਰਨ ਲਈ ਸਵੇਰੇ 9 ਵਜੇ ਤੋਂ ਰਾਤ 12 ਵਜੇ ਤੱਕ ਪਾਣੀ ਸਪਲਾਈ ਦੀ ਬੰਦੀ ਲਈ ਗਈ ਹੈ, ਜਿਸ ਕਾਰਨ ਮੁਹਾਲੀ ਸ਼ਹਿਰ ਵਿਚ ਫੇਜ਼ 1 ਤੋਂ 7, ਪਿੰਡ ਮਦਨਪੁਰਾ, ਇੰਡਸਟ੍ਰੀਅਲ ਫੇਜ਼-1 ਤੋਂ 5 ਵਿਖੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ।
