ਨਦੀ ਪਾਰ ਕਰ ਕੇ ਸਕੂਲ ਜਾਂਦਿਆਂ ਦੀ ਵੀਡੀਓ ਵਾਇਰਲ
ਮੋਰਨੀ ਵਿੱਚ ਕਈ ਥਾਵਾਂ ’ਤੇ ਸੜਕ ਨਾ ਹੋਣ ਕਾਰਨ ਮੋਰਨੀ ਦੇ ਬੱਚਿਆਂ ਨੂੰ ਪਾਣੀ ਦੇ ਤੇਜ਼ ਵਹਾਅ ਨੂੰ ਉਲੰਘ ਕੇ ਨਦੀ ਪਾਰ ਕਰਨੀ ਪੈਂਦੀ ਹੈ ਤੇ ਸਕੂਲ ਜਾਣਾ ਪੈਂਦਾ ਹੈ। ਇਸ ਬਾਰੇ ਬੱਚਿਆਂ ਦੇ ਸਕੂਲ ਜਾਣ ਵੇਲੇ ਦਾ ਵੀਡੀਓ ਵਾਇਰਲ ਹੋਇਆ ਹੈ ਜਿਸ ਵਿਚ ਦੇਖਿਆ ਗਿਆ ਹੈ ਕਿ ਕਿਸ ਤਰ੍ਹਾਂ ਬੱਚੇ ਬਰਸਾਤੀ ਨਦੀ ਪਾਰ ਕਰਕੇ ਸਕੂਲ ਜਾਂਦੇ ਹਨ ਅਤੇ ਮਾਪੇ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਬੱਚਿਆਂ ਨੂੰ ਨਦੀ ਨਾਲੇ ਪਾਰ ਕਰਾਉਂਦੇ ਹਨ। ਇਸ ਵੀਡੀਓ ਅਨੁਸਾਰ ਇਹ ਬੱਚੇ ਮੋਰਨੀ ਬਲਾਕ ਦੇ ਪਲਾਸਰਾ ਪਿੰਡ ਦੇ ਹਨ ਜਿਹੜੇ ਰੋਜ਼ਾਨਾ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਸਕੂਲ ਜਾਂਦੇ ਹਨ। ਵਰਨਣਯੋਗ ਹੈ ਕਿ ਮੋਰਨੀ ਨੂੰ ਉੱਤਮ ਸੈਰਗਾਹ ਬਣਾਉਣ ਲਈ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਅਸਲੀਅਤ ਇਸ ਦੇ ਉਲਟ ਹੈ। ਕੁਝ ਦਿਨ ਪਹਿਲਾਂ ਵੀ ਰਿਪੋਰਟਾਂ ਆਈਆਂ ਸਨ ਕਿ ਮੋਰਨੀ ਦੇ ਲੋਕ ਮਰੀਜਾਂ ਨੂੰ ਸੜਕ ਨਾ ਹੋਣ ਕਾਰਨ ਮੰਜੇ ਤੇ ਲਟਾ ਕੇ ਅਤੇ ਮੰਜਾ ਮੋਢੇ ਤੇ ਚੱਕ 5 ਕਿਲੋਮੀਟਰ ਦਾ ਰਸਤਾ ਤਹਿ ਕਰਕੇ ਮੋਰਨੀ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਜਾਂਦੇ ਹਨ।
ਕੈਪਸ਼ਨ- ਮੋਰਨੀ ਦੇ ਪਲਾਸਰਾ ਪਿੰਡ ਦੇ ਲੋਕ ਬੱਚਿਆਂ ਨੂੰ ਸਕੂਲ ਜਾਣ ਲਈ ਨਦੀ ਪਾਰ ਕਰਾਉਂਦੇ ਹੋਏ। ਫ਼ੋਟੋ ਵਰਮਾ