ਸੇਵਾਵਾਂ ਨਿਯਮਤ ਕਰਵਾਉਣ ਲਈ ਵੇਰਕਾ ਮੁਲਾਜ਼ਮਾਂ ਵਲੋਂ ਧਰਨਾ ਸ਼ੁਰੂ
ਵੇਰਕਾ ਮਿਲਕ ਅਤੇ ਕੈਟਲਫੀਡ ਪਲਾਂਟ ਆਊਟਸੋਰਸ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਵੇਰਕਾ ਮਿਲਕ ਪਲਾਟਾਂ ਦੇ ਗੇਟਾਂ ’ਤੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕੀਤੇ ਜਾਣ ਦੀ ਮੰਗ ਅਤੇ ਹੋਰ ਮੰਗਾਂ ਨੂੰ ਲੈ ਕੇ ਤਿੰਨ ਦਿਨਾ ਲਈ ਆਰੰਭੇ ਧਰਨੇ ਅੱਜ ਆਰੰਭ ਹੋ ਗਏ। ਮੁਹਾਲੀ ਦੇ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਆਊਟ ਸੋਰਸਿੰਗ ਮੁਲਾਜ਼ਮਾਂ ਨੇ ਸਵੇਰੇ ਨੌਂ ਵਜੇ ਤੋਂ ਸ਼ਾਮੀਂ ਪੰਜ ਵਜੇ ਤੱਕ ਧਰਨਾ ਲਗਾਇਆ। ਇਸ ਮੌਕੇ ਉਨ੍ਹਾਂ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਅਤੇ ਮੈਨੇਜਮੈਂਟ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਧੜਾ ਧੜ ਵਾਅਦੇ ਕੀਤੇ ਗਏ ਸਨ, ਉਹਨਾਂ ਵਾਅਦਿਆਂ ਵਿੱਚੋਂ ਇੱਕ ਵਾਅਦਾ ਇਹ ਵੀ ਸੀ ਕਿ ਸਾਰੇ ਵਿਭਾਗਾਂ ਵਿੱਚੋਂ ਠੇਕੇਦਾਰੀ ਸਿਸਟਮ ਖਤਮ ਕਰਕੇ ਪੰਜਾਬ ਦੀ ਨੌਜਵਾਨੀ ਜੋ ਠੇਕੇਦਾਰੀ ਸਿਸਟਮ ਵਿੱਚ ਪਿਸ ਰਹੀ ਹੈ ਉਸ ਨੂੰ ਸਰਕਾਰ ਬਣਦਿਆਂ ਹੀ ਰੈਗੂਲਰ ਕੀਤਾ ਜਾਵੇਗਾ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੀ ਤਰਜ਼ ਤੇ ਸਰਮਾਏਦਾਰੀ ਦੇ ਪੱਖ ਵਿੱਚ ਭੁਗਤ ਰਹੀ ਹੈ। ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਮੰਨਣ ਦੀ ਬਜਾਏ ਤਾਨਾਸ਼ਾਹੀ ਰਵੱਈਆ ਅਪਨਾਉਂਦੇ ਹੋਏ ਆਗੂਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਉਹ ਪੰਜਾਬ ਸਰਕਾਰ ਅਤੇ ਮਿਲਕਫੈੱਡ ਮੈਨੇਜਮੈਂਟ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ।