ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀਆਂ ਗੱਡੀਆਂ ਦਰਿਆ ’ਤੇ ਰੋਕੀਆਂ

ਨੌਜਵਾਨਾਂ ਨੇ ਰੋਸ ਪ੍ਰਗਟਾਇਆ
ਦਰਿਆ ਸਤਲੁਜ ’ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀਆਂ ਰੋਕੀਆਂ ਹੋਈਆਂ ਗੱਡੀਆਂ।
Advertisement
ਦਰਿਆ ਸਤਲੁਜ ਵਿੱਚ ਪਿੰਡ ਦਾਊਦਪੁਰ, ਫੱਸੇ ਅਤੇ ਰਸੀਦਪੁਰ ਵਿਚ ਤੇਜ਼ ਗਤੀ ਨਾਲ ਵਗਦੇ ਸਤਲੁਜ ਦਰਿਆ ਵੱਲੋਂ ਨੇੜੇ ਦੇ ਬੰਨ੍ਹ ਨੂੰ ਢਾਹ ਲਗਾ ਕੇ ਕਮਜ਼ੋਰ ਕਰਨ ਉਪਰੰਤ ਬੀਤੇ ਕਈ ਦਿਨਾਂ ਤੋਂ ਰਾਹਤ ਕਾਰਜਾਂ ਵਿੱਚ ਜੁੱਟੇ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨਾਂ ਤੇ ਮੋਹਤਬਰਾਂ ਨੇ ਬੰਨ੍ਹ ਨੂੰ ਮਜ਼ਬੂਤ ਕਰ ਲਿਆ ਹੈ। ਬੇਟ ਇਲਾਕੇ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਬਹੁਤ ਘੱਟ ਗਈ ਹੈ ਪਰ ਪਿੰਡ ਸਾਰੰਗਪੁਰ ਨੇੜੇ ਬੰਨ੍ਹ ਦੀ ਸਥਿਤੀ ਨਾਜ਼ੁਕ ਹੋਣ ਕਾਰਨ ਉੱਥੇ ਵੀ ਲੋਕ ਮਿੱਟੀ ਦੇ ਥੈਲੇ ਲਗਾ ਕੇ ਇਸ ਬੰਨ੍ਹ ਨੂੰ ਵੱਧ ਨੁਕਸਾਨ ਪੁੱਜਣ ਤੋਂ ਰੋਕਣ ਲਈ ਸਿਰ ਤੋੜ ਯਤਨ ਕਰ ਰਹੇ ਹਨ।

ਬਚਾਅ ਕਾਰਜਾਂ ਵਿੱਚ ਲੱਗੇ ਨੌਜਵਾਨਾਂ ਵੱਲੋਂ ਦਰਿਆ ਦੇ ਦੂਜੇ ਪਾਸੇ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਮਸ਼ੀਨਾਂ ਰਾਹੀਂ ਦਰਿਆਈ ਪਾਣੀ ਦਾ ਵਹਾਅ ਮੋੜਨ ਦੀ ਮੰਗ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨ ਦੇ ਰੋਸ ਵਜੋਂ ਅੱਜ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀਆਂ ਗੱਡੀਆਂ ਦਰਿਆ ਦੇ ਬੰਨ੍ਹ ’ਤੇ ਰੋਕ ਲਈਆਂ ਗਈਆਂ। ਨੌਜਵਾਨ ਆਗੂ ਲਖਬੀਰ ਸਿੰਘ ਲੱਖੀ ਹਾਫਿਜ਼ਾਬਾਦ, ਖੁਸ਼ਵਿੰਦਰ ਸਿੰਘ ਕਾਕਾ, ਜਸਪ੍ਰੀਤ ਸਿੰਘ ਅਤੇ ਜੁਝਾਰ ਸਿੰਘ ਸਮੇਤ ਬਚਾ ਕਾਰਜਾਂ ਵਿੱਚ ਜੁੱਟੇ ਨੌਜਵਾਨਾਂ ਤੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਸੰਗਤ ਵੱਲੋਂ ਕੀਤੀ ਮਿਹਨਤ ਸਦਕਾ ਪਿੰਡ ਦਾਊਦਪੁਰ, ਫੱਸੇ ਅਤੇ ਰਸੀਦਪੁਰ ਦੇ ਬੰਨ੍ਹ ਨੂੰ ਦਰਿਆ ਦੀ ਲੱਗ ਰਹੀ ਢਾਹ ਨੂੰ ਥੈਲੇ ਲਗਾ ਕੇ ਰੋਕ ਦਿੱਤਾ ਗਿਆ ਹੈ ਅਤੇ ਦਰਿਆਈ ਪਾਣੀ ਨੂੰ ਬੰਨ੍ਹ ਵਾਲੇ ਪਾਸੇ ਵਧਣ ਤੋਂ ਰੋਕ ਕੇ ਪਾਣੀ ਦਾ ਵਹਾਅ ਦੂਜੇ ਪਾਸੇ ਕਰ ਦਿੱਤਾ ਗਿਆ ਹੈ ਜਿਸ ਕਾਰਨ ਇਸ ਬੰਨ੍ਹ ਦੇ ਟੁੱਟਣ ਕਾਰਨ ਬੇਟ ਇਲਾਕੇ ਤੇ ਹੜ੍ਹਾਂ ਦਾ ਮੰਡਰਾ ਰਿਹਾ ਖਤਰਾ ਟਲ ਗਿਆ ਹੈ।

Advertisement

ਉਨ੍ਹਾਂ ਦੱਸਿਆ ਕਿ ਪਿੰਡ ਸਾਰੰਗਪੁਰ ਨੇੜੇ ਲੱਗਦਾ ਬੰਨ੍ਹ ਦਰਿਆ ਦੇ ਤੇਜ਼ ਪਾਣੀ ਕਾਰਨ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਸੀ ਅਤੇ ਦਰਿਆਈ ਪਾਣੀ ਬੰਨ੍ਹ ਨਾਲ ਲੱਗਦੀ ਮਿੱਟੀ ਨੂੰ ਖੋਰ ਰਿਹਾ ਸੀ, ਜਿਸ ਕਾਰਨ ਸਮੁੱਚੀ ਸੰਗਤ ਨੇ ਪਿੰਡ ਸਾਰੰਗਪੁਰ ਪਹੁੰਚ ਕੇ ਇਸ ਬੰਨ੍ਹ ਨੂੰ ਮਿੱਟੀ ਦੇ ਥੈਲੇ ਅਤੇ ਜਾਲ ਲਗਾ ਕੇ ਮਜ਼ਬੂਤ ਕੀਤਾ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪਹੁੰਚੇ ਮਾਈਨਿੰਗ ਵਿਭਾਗ ਦੇ ਐਕਸੀਅਨ ਨਾਲ ਬਚਾਅ ਕਾਰਜਾਂ ਵਿੱਚ ਲੱਗੇ ਨੌਜਵਾਨਾਂ ਨੇ ਜਦੋਂ ਦਰਿਆ ਵਿੱਚ ਸਥਿਤ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚੋਂ ਜੇਸੀਬੀ ਤੇ ਪੋਕਲੇਨ ਮਸ਼ੀਨਾਂ ਰਾਹੀਂ ਪਾਣੀ ਦਾ ਵਹਾਅ ਮੋੜਨ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ, ਜਿਸ ਮਗਰੋਂ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਨੌਜਵਾਨਾਂ ਨੇ ਅਧਿਕਾਰੀਆਂ ਦੀਆਂ ਗੱਡੀਆਂ ਰੋਕ ਕੇ ਰੋਸ ਪ੍ਰਗਟਾਇਆ।

ਮਾਈਨਿੰਗ ਵਿਭਾਗ ਦੇ ਐਕਸੀਅਨ ਤੁਸ਼ਾਰ ਗੋਇਲ ਨੇ ਮੰਨਿਆ ਕਿ ਨੌਜਵਾਨਾਂ ਵੱਲੋਂ ਗੱਡੀਆਂ ਰੋਕੀਆਂ ਗਈਆਂ ਸਨ ਪਰ ਗੱਲਬਾਤ ਰਾਹੀਂ ਹੱਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਪਿੰਡ ਦਾਊਦਪੁਰ, ਫਸੇ ਅਤੇ ਸਾਰੰਗਪੁਰ ਦੇ ਬੰਨ੍ਹ ਵਿਭਾਗੀ ਅਧਿਕਾਰੀਆਂ, ਮਜ਼ਦੂਰਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪੂਰੀ ਤਰ੍ਹਾਂ ਮਜ਼ਬੂਤ ਕਰ ਲਏ ਗਏ ਹਨ ਅਤੇ ਇਲਾਕਾ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਬਚਾਅ ਕਾਰਜਾਂ ਵਿੱਚ ਲੱਗੇ ਨੌਜਵਾਨ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚੋਂ ਜੇਸੀਬੀ ਤੇ ਪੋਕਲੇਨ ਮਸ਼ੀਨਾਂ ਰਾਹੀਂ ਦਰਿਆ ਵਿੱਚੋਂ ਰੇਤਾ ਪੁੱਟ ਕੇ ਦਰਿਆਈ ਪਾਣੀ ਦਾ ਵਹਾਅ ਦੂਜੇ ਪਾਸੇ ਮੋੜਨ ਦੀ ਮੰਗ ਕਰ ਰਹੇ ਸਨ ਜਿਸ ਲਈ ਮਸ਼ੀਨਾਂ ਤੇ ਮਜ਼ਦੂਰ ਵੀ ਤਿਆਰ ਸਨ ਪਰ ਪਿੰਡ ਦੇ ਹੀ ਕੁਝ ਹੋਰ ਲੋਕਾਂ ਵੱਲੋਂ ਵਿਰੋਧ ਕਰਨ ’ਤੇ ਉਹ ਕੰਮ ਨਹੀਂ ਕਰਵਾ ਸਕੇ।

Advertisement
Tags :
latest punjabi newsPunjab flood situationPunjab Flood UpdatePunjabi Tribune Newspunjabi tribune updatesatluj riverਪੰਜਾਬੀ ਖ਼ਬਰਾਂਪੰਜਾਬੀ ਟ੍ਰਿਬਿੳੂਨ
Show comments