ਚੰਡੀਗੜ੍ਹ ’ਚ 1131 ’ਚੋਂ 637 ਥਾਵਾਂ ’ਤੇ ਵਾਹਨਾਂ ਦੀ ਰਫ਼ਤਾਰ ਦੀ ਸੂਚਨਾ ਗਲਤ
ਆਤਿਸ਼ ਗੁਪਤਾ
ਯੂਟੀ ਦੀਆਂ ਸੜਕਾਂ ’ਤੇ ਵਾਹਨਾਂ ਦੀ ਰਫਤਾਰ ਲਈ ਲਗਾਏ ਗਏ ਸੂਚਨਾ ਬੋਰਡਾਂ ਵਿੱਚੋਂ ਅੱਧੇ ਤੋਂ ਵੱਧ ’ਤੇ ਜਾਣਕਾਰੀ ਹੀ ਗਲਤ ਹੈ। ਇਸ ਗੱਲ ਦਾ ਖੁਲਾਸਾ ਅੱਜ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਦੀ ਅਗਵਾਈ ਹੇਠ ਹੋਈ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਿੱਚ ਹੋਇਆ ਹੈ। ਇਸ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਵਿੱਚ ਸਾਹਮਣੇ ਆਇਆ ਕਿ ਸ਼ਹਿਰ ਵਿੱਚ ਵਾਹਨਾਂ ਦੀ ਰਫਤਾਰ ਲਈ ਲਗਾਏ ਗਏ ਬੋਰਡਾਂ ਦੀ ਮੁੜ ਤੋਂ ਜਾਂਚ ਕਰਨ ਲਈ ਲੈਪਟਨ ਸਾਫਟਵੇਅਰ ਰਾਹੀਂ ਗੂਗਲ ਮੈਪ ਦੀ ਵਰਤੋਂ ਕਰਦਿਆਂ ਸਰਵੇਖਣ ਕੀਤਾ ਗਿਆ ਹੈ। ਇਸ ਦੌਰਾਨ ਸ਼ਹਿਰ ਦੀਆਂ 1131 ਸੜਕਾਂ ’ਤੇ ਸਰਵੇਖਣ ਤੋਂ ਸਾਹਮਣੇ ਆਇਆ ਕਿ 637 ਥਾਵਾਂ ’ਤੇ ਵਾਹਨਾਂ ਦੀ ਰਫਤਾਰ ਲਈ ਲਗਾਏ ਬੋਰਡ ’ਤੇ ਸੂਚਨਾ ਗਲਤ ਹੈ। ਇਹ ਸੂਚਨਾ ਅਧਿਕਾਰਿਤ ਅੰਕੜਿਆਂ ਨਾਲ ਮੇਲ ਹੀ ਨਹੀਂ ਖਾਂਦੀ ਹੈ। ਇਸ ਤੋਂ ਇਲਾਵਾ 178 ਥਾਵਾਂ ’ਤੇ ਵਾਹਨਾਂ ਦੀ ਰਫ਼ਤਾਰ ਬਾਰੇ ਕੋਈ ਸੂਚਨਾ ਹੀ ਨਹੀਂ ਦਿੱਤੀ ਗਈ ਹੈ। ਜਦੋਂ ਕਿ 175 ਥਾਵਾਂ ’ਤੇ ਦੋ ਪਹੀਆ ਵਾਹਨਾਂ ਦੀ ਰਫ਼ਤਾਰ ਬਾਰੇ ਕੋਈ ਸੂਚਨਾ ਬੋਰਡ ਹੀ ਨਹੀਂ ਲਗਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿੱਚ ਵਾਹਨਾਂ ਦੀ ਰਫ਼ਤਾਰ ਨੂੰ ਲੈ ਕੇ ਲਗਾਏ ਬੋਰਡਾਂ ਵਿੱਚ ਕਮੀਆਂ ਪਾਏ ਜਾਣ ’ਤੇ ਅਧਿਕਾਰੀਆਂ ਨੂੰ ਫਟਕਾਰ ਲਗਾਈ ਹੈ। ਡਿਪਟੀ ਕਮਿਸ਼ਨਰ ਨੇ ਯੂਟੀ ਦੇ ਇੰਜਨੀਅਰਿੰਗ ਵਿਭਾਗ, ਟਰੈਫ਼ਿਕ ਪੁਲੀਸ ਤੇ ਹੋਰ ਸਬੰਧਤ ਏਜੰਸੀਆਂ ਨੂੰ ਗਲਤ ਢੰਗ ਨਾਲ ਪ੍ਰਦਰਸ਼ਿਤ ਸਪੀਡ ਸਾਇਨ ਬੋਰਡਾਂ ਨੂੰ ਤੁਰੰਤ ਠੀਕ ਕਰਨ ਦੇ ਆਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਟ੍ਰਿਬਿਊਨ ਚੌਕ ਦੇ ਨਜ਼ਦੀਕ ਗੈਰਕਾਨੰਨੀ ਢੰਗ ਨਾਲ ਚਲਾਏ ਜਾ ਰਹੇ ਟੈਕਸੀ ਸਟੈਂਡ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਸੈਕਟਰ-29/30 ਵਾਲੇ ਲਾਇਟ ਪੁਆਇੰਟ ’ਤੇ ਚੱਲ ਰਹੀ ਗੈਰਕਾਨੂੰਨੀ ਢੰਗ ਨਾਲ ਪਾਰਕਿੰਗ ਨੂੰ ਵੀ ਹਟਾਉਣ ਦੇ ਹੁਕਮ ਦਿੱਤੇ।
ਧਨਾਸ ਲਾਈਟ ਪੁਆਇੰਟ ਤੋਂ ਠੇਕਾ ਚੁੱਕਿਆ ਜਾਵੇਗਾ
ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਧਨਾਸ ਲਾਇਟ ਪੁਆਇੰਟ ’ਤੇ ਚੱਲ ਰਹੇ ਸ਼ਰਾਬ ਦੇ ਠੇਕੇ ਬਾਰੇ ਕਿਹਾ ਕਿ ਇਸ ਠੇਕੇ ’ਤੇ ਵਧੇਰੇ ਭੀੜ ਰਹਿੰਦੀ ਹੈ ਅਤੇ ਪਾਰਕਿੰਗ ਦੀ ਘਾਟ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਆਬਕਾਰੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਭਵਿੱਖ ਵਿੱਚ ਇਸ ਸਥਾਨ ’ਤੇ ਸ਼ਰਾਬ ਦਾ ਠੇਕਾ ਅਲਾਟ ਨਾ ਕਰਨ। ਇਸ ਠੇਕੇ ਨੂੰ ਕਿਸੇ ਹੋਰ ਥਾਂ ਤਬਦੀਲ ਕਰਨ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੀ ਆਬਕਾਰੀ ਨਿਲਾਮੀ ਵਿੱਚ ਇਸ ਸਥਾਨ ਨੂੰ ਵਿਚਾਰ ਤੋਂ ਬਾਹਰ ਰੱਖਿਆ ਜਾਵੇ।