ਫ਼ਿਰੋਜ਼ਪੁਰ-ਚੰਡੀਗੜ੍ਹ ਰੇਲ ਟਰੈਕ ’ਤੇ ਵੀ ਦੌੜੇਗੀ ‘ਵੰਦੇ ਭਾਰਤ’
ਜਲਦ ਹੀ ਫ਼ਿਰੋਜ਼ਪੁਰ-ਚੰਡੀਗੜ੍ਹ ਰੇਲਵੇ ਟਰੈਕ ’ਤੇ ਵੀ 'ਵੰਦੇ ਭਾਰਤ' ਰੇਲ ਗੱਡੀ ਦੌੜੇਗੀ। ਇਹ ਖ਼ੁਲਾਸਾ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕੀਤਾ ਹੈ। ਫ਼ਿਰੋਜ਼ਪੁਰ-ਨਵੀਂ ਦਿੱਲੀ ਰੂਟ ਲਈ ਵੰਦੇ ਭਾਰਤ ਰੇਲ ਗੱਡੀ ਨੂੰ ਹਰੀ ਝੰਡੀ ਦੇਣ ਖ਼ਾਤਰ ਬਿੱਟੂ ਸਾਬਕਾ ਮੰਤਰੀ ਤੇ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੇ ਫ਼ਿਰੋਜ਼ਪੁਰ ਨਿਵਾਸ ’ਤੇ ਠਹਿਰੇ ਸਨ। ਬਿੱਟੂ ਅਤੇ ਰਾਣਾ ਸੋਢੀ ਨਾਲ ਰਾਤ ਦੇ ਖਾਣੇ 'ਤੇ ਸੀਨੀਅਰ ਭਾਜਪਾ ਆਗੂ ਕੁਲਵੰਤ ਰਾਏ ਕਟਾਰੀਆ, ਮੁੱਦਕੀ ਵੀ ਮੌਜੂਦ ਸਨ। ਕਟਾਰੀਆ ਨੇ 'ਪੰਜਾਬੀ ਟ੍ਰਿਬਿਊਨ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਾਣਾ ਸੋਢੀ ਨੇ ਬਿੱਟੂ ਦੇ ਧਿਆਨ ਵਿੱਚ ਲਿਆਂਦਾ ਕਿ ਖ਼ਿੱਤੇ ਦੇ ਲੋਕਾਂ ਨੂੰ ਤੇਜ਼ ਤੇ ਨਵੀਨਤਮ ਸਫ਼ਰ ਰਾਹੀਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲ ਵੀ ਜੋੜਨਾ ਸਮੇਂ ਦੀ ਲੋੜ ਹੈ। ਇਸ ਦੇ ਜਵਾਬ ਵਿੱਚ ਬਿੱਟੂ ਨੇ ਕਿਹਾ ਕਿ ਜਲਦ ਹੀ ਇਹ ਤੋਹਫ਼ਾ ਵੀ ਫ਼ਿਰੋਜ਼ਪੁਰ, ਮੋਗਾ ਤੇ ਲੁਧਿਆਣਾ ਖ਼ਿੱਤਿਆਂ ਦੇ ਲੋਕਾਂ ਨੂੰ ਦਿੱਤਾ ਜਾਵੇਗਾ। ਬਿੱਟੂ ਨੇ ਉਮੀਦ ਪ੍ਰਗਟਾਈ ਕਿ ਅਗਲੇ ਸਾਲ ਇਹ ਰੇਲ ਗੱਡੀ ਵੀ ਇਸ ਰੂਟ ’ਤੇ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੌਕੇ ਐਡਵੋਕੇਟ ਸੁਰਿੰਦਰਪਾਲ ਸਿੰਘ ਸਿੱਧੂ ਵੀ ਹਾਜ਼ਰ ਸਨ।
