ਯੂਟੀ ਨੂੰ ਮਿਲਿਆ ਨਵਾਂ ਸਕੂਲ; ਚਾਰ ਮੰਜ਼ਿਲਾ ਬਲਾਕ ਦਾ ਉਦਘਾਟਨ
ਯੂਟੀ ਵਿੱਚ ਸਰਕਾਰੀ ਮਾਡਲ ਹਾਈ ਸਕੂਲ ਕਰਸਾਨ (ਰਾਮਦਰਬਾਰ ਕਲੋਨੀ), ਫੇਜ਼-1, ਚੰਡੀਗੜ੍ਹ ਦਾ ਨਵਾਂ ਚਾਰ ਮੰਜ਼ਿਲਾ ਬਲਾਕ ਤਿਆਰ ਹੋ ਗਿਆ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਵਾਸੀਆਂ ਨੂੰ ਇਸ ਸਾਲ ਦੋ ਹੋਰ ਨਵੇਂ ਸਕੂਲ ਮਿਲਣਗੇ ਪਰ ਮਨੀਮਾਜਰਾ ਦੇ ਪਾਕੇਟ ਨੰਬਰ ਚਾਰ ਵਿਚ ਬਣਨ ਵਾਲੇ ਸਕੂਲ ਦੀ ਉਡੀਕ ਲੰਬੀ ਹੋ ਗਈ ਹੈ ਕਿਉਂਕਿ ਇਸ ਸਕੂਲ ਦੀ ਜ਼ਮੀਨ ਦਾ ਵਿਵਾਦ ਹੱਲ ਨਹੀਂ ਹੋਇਆ। ਕਰਸਾਨ ਵਿਚ ਨਵੇਂ ਬਣੇ ਬਲਾਕ ਦਾ ਅੱਜ ਉਦਘਾਟਨ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਨੇ ਕੀਤਾ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਕਈ ਸਰਕਾਰੀ ਸਕੂਲਾਂ ਵਿੱਚ ਹਾਲੇ ਵੀ ਵਿਦਿਆਰਥੀ ਅਧਿਆਪਕ ਅਨੁਪਾਤ ਸੀਬੀਐਸਈ ਨਿਯਮਾਂ ਅਨੁਸਾਰ ਨਹੀਂ ਹੈ ਤੇ ਕਈ ਸਕੂਲਾਂ ਵਿਚ ਇਕ ਜਮਾਤ ਵਿਚ ਸੱਤਰ ਤੋਂ ਅੱਸੀ ਵਿਦਿਆਰਥੀ ਪੜ੍ਹ ਰਹੇ ਹਨ ਜਦਕਿ ਇਕ ਜਮਾਤ ਦੇ ਇਕ ਸੈਕਸ਼ਨ ਵਿਚ ਨਿਯਮਾਂ ਅਨੁਸਾਰ 40 ਦੇ ਕਰੀਬ ਵਿਦਿਆਰਥੀ ਹੀ ਸਿੱਖਿਆ ਲੈ ਸਕਦੇ ਹਨ ਪਰ ਅਧਿਆਪਕਾਂ ਦੀ ਘਾਟ ਤੇ ਸਕੂਲਾਂ ਦੇ ਕਮਰਿਆਂ ਦੀ ਗਿਣਤੀ ਸੀਮਤ ਹੋਣ ਕਾਰਨ ਇਹ ਸਮੱਸਿਆ ਆ ਰਹੀ ਹੈ। ਅੱਜ ਮੁੱਖ ਸਕੱਤਰ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਇਹ ਦੋਵੇਂ ਸਮੱਸਿਆਵਾਂ ਹੱਲ ਕਰ ਦਿੱਤੀਆਂ ਜਾਣਗੀਆਂ। ਦੱਸਣਾ ਬਣਦਾ ਹੈ ਕਿ ਇਸ ਸਕੂਲ ਦੀ ਇੱਕ ਮੰਜ਼ਿਲਾ ਇਮਾਰਤ ਨੂੰ ਢਾਹ ਕੇ ਨਵੀਂ ਚਾਰ ਮੰਜ਼ਿਲਾ ਇਮਾਰਤ 9.54 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ। ਸਿੱਖਿਆ ਸਕੱਤਰ ਪ੍ਰੇਰਨਾ ਪੁਰੀ ਨੇ ਦੱਸਿਆ ਕਿ ਨਵੇਂ ਬਲਾਕ ਵਿੱਚ 13 ਕਲਾਸਰੂਮ ਹਨ ਤੇ ਲੜਕਿਆਂ, ਲੜਕੀਆਂ ਅਤੇ ਸਟਾਫ਼ ਲਈ ਵੱਖਰੇ ਪਖਾਨੇ ਹਨ। ਇਸ ਇਮਾਰਤ ਵਿੱਚ ਵ੍ਹੀਲ ਚੇਅਰ ਅਨੁਕੂਲ ਸੁਵਿਧਾਵਾਂ ਵੀ ਉਪਲਬਧ ਹਨ ਤੇ ਇੱਥੇ ਰੈਂਪ ਅਤੇ ਪੌੜੀਆਂ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ਮੌਕੇ ਮੁੱਖ ਸਕੱਤਰ ਨੇ ਸਕੂਲ ਦੇ ਕੈਂਪਸ ਵਿੱਚ ਇੱਕ ਪੌਦਾ ਲਗਾਇਆ।
