ਯੂਟੀ ਮੁੱਖ ਸਕੱਤਰ ਵੱਲੋਂ ਸੜਕਾਂ ਦੀ ਮੁਰੰਮਤ ਦੀ ਸਮੀਖਿਆ
ਸਿਟੀ ਬਿਊਟੀਫੁੱਲ ਚੰਡੀਗੜ੍ਹ ਭਰ ਵਿੱਚ ਸੜਕਾਂ ਦੀ ਚੱਲ ਰਹੀ ਮੁਰੰਮਤ ਦੇ ਕਾਰਜਾਂ ਦੀ ਸਥਿਤੀ ਜਾਣਨ ਲਈ ਯੂ ਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਮਨਦੀਪ ਸਿੰਘ ਬਰਾੜ ਆਈ ਏ ਐੱਸ ਦੀ ਪ੍ਰਧਾਨਗੀ ਵਿੱਚ ਇੱਕ ਮੀਟਿੰਗ ਹੋਈ, ਜਿਸ ਵਿੱਚ ਉਨ੍ਹਾਂ ਨੇ ਸੜਕਾਂ ਦੇ ਕੰਮਾਂ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਸਕੱਤਰ ਇੰਜਨੀਅਰਿੰਗ ਪ੍ਰੇਰਨਾ ਪੁਰੀ, ਕਮਿਸ਼ਨਰ ਨਗਰ ਨਿਗਮ ਅਮਿਤ ਕੁਮਾਰ, ਮੁੱਖ ਇੰਜਨੀਅਰ ਪ੍ਰਸ਼ਾਸਨ ਸੀ ਬੀ ਓਝਾ, ਮੁੱਖ ਇੰਜਨੀਅਰ ਨਗਰ ਨਿਗਮ ਸੰਜੈ ਅਰੋੜਾ ਸਮੇਤ ਯੂ ਟੀ ਚੰਡੀਗੜ੍ਹ ਅਤੇ ਨਗਰ ਨਿਗਮ ਚੰਡੀਗੜ੍ਹ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਮੀਟਿੰਗ ਦੌਰਾਨ ਮੁੱਖ ਇੰਜਨੀਅਰਾਂ ਨੇ ਮੁੱਖ ਸਕੱਤਰ ਨੂੰ ਸ਼ਹਿਰ ਦੀਆਂ ਸੜਕਾਂ ਦੀ ਸਮੁੱਚੀ ਸਥਿਤੀ, ਸੜਕੀ ਨੈੱਟਵਰਕ ਦੀ ਹੱਦ ਅਤੇ ਤਕਨੀਕੀ ਮੁਲਾਂਕਣ ਤੋਂ ਬਾਅਦ ਜ਼ਰੂਰੀ ਮੁਰੰਮਤ ਲਈ ਸ਼ਨਾਖ਼ਤ ਕੀਤੇ ਗਏ ਹਿੱਸਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਨਿਰਧਾਰਿਤ ਮੁਰੰਮਤ ਅਤੇ ਰੀ-ਸਰਫੇਸਿੰਗ ਕਾਰਜਾਂ ਲਈ ਕਾਰਜ ਯੋਜਨਾ, ਟੈਂਡਰਾਂ ਦੀ ਮੌਜੂਦਾ ਸਥਿਤੀ, ਅਤੇ ਲਾਗੂਕਰਨ ਅਤੇ ਸਮਾਂ-ਸੀਮਾ ਨਾਲ ਜੁੜੇ ਹੋਰ ਵਿਸ਼ਿਆਂ ਬਾਰੇ ਵੀ ਜਾਣੂ ਕਰਵਾਇਆ।
ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਸਕੱਤਰ ਨੇ ਸੁਚਾਰੂ ਢੰਗ ਨਾਲ ਟਰੈਫਿਕ ਚਲਾਉਣ ਅਤੇ ਜਨ ਸੁਵਿਧਾ ਸੁਨਿਸ਼ਚਿਤ ਕਰਨ ਹਿਤ ਸਮਾਂਬੱਧ ਸੜਕ ਮੁਰੰਮਤ ਦੇ ਕਾਰਜਾਂ ਦੇ ਮਹੱਤਵ ’ਤੇ ਜ਼ੋਰ ਦਿੱਤਾ। ਮੁੱਖ ਸਕੱਤਰ ਨੇ ਅੱਗੇ ਨਿਰਦੇਸ਼ ਦਿੱਤੇ ਕਿ ਕਿਸੇ ਤੀਜੀ-ਧਿਰ ਨਿਰੀਖਣ ਏਜੰਸੀ ਤੋਂ ਤਸੱਲੀਬਖਸ਼ ਗੁਣਵੱਤਾ ਰਿਪੋਰਟ ਤੋਂ ਬਿਨਾ ਕੋਈ ਵੀ ਭੁਗਤਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਕੰਮ ਪੂਰਾ ਨਾ ਕਰਨ ਲਈ ਜ਼ਿੰਮੇਵਾਰ ਏਜੰਸੀਆਂ ਜਾਂ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।