ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਯੂਟੀ ਚੰਡੀਗੜ੍ਹ ਦਾ ਬਿਜਲੀ ਵਿਭਾਗ ਪ੍ਰਾਈਵੇਟ ਕੰਪਨੀ ਹਵਾਲੇ

ਚੰਡੀਗੜ੍ਹ ਪ੍ਰਸ਼ਾਸਨ ਅਤੇ ਐਮੀਨੈਂਟ ਇਲੈਕਟ੍ਰੀਸਿਟੀ ਡਿਸਟ੍ਰੀਬਿਊਸ਼ਨ ਲਿਮਿਟਡ ਤੇ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਿਟਡ ਵਿਚਾਲੇ ਸਮਝੌਤਾ
ਸਮਝੌਤੇ ’ਤੇ ਦਸਤਖ਼ਤ ਕਰਨ ਮੌਕੇ ਚੀਫ ਸਕੱਤਰ ਤੇ ਹੋਰ ਅਧਿਕਾਰੀਆਂ ਨਾਲ ਕੰਪਨੀ ਦੇ ਨੁਮਾਇੰਦੇ।
Advertisement

ਕੁਲਦੀਪ ਸਿੰਘ

ਚੰਡੀਗੜ੍ਹ, 31 ਜਨਵਰੀ

Advertisement

ਯੂਟੀ ਚੰਡੀਗੜ੍ਹ ਦਾ ਬਿਜਲੀ ਵਿਭਾਗ ਸ਼ਹਿਰ ਦੀ ਆਮ ਜਨਤਾ ਅਤੇ ਮੁਲਾਜ਼ਮਾਂ ਦੇ ਤਿੱਖੇ ਸੰਘਰਸ਼ਾਂ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਪ੍ਰਾਈਵੇਟ ਕੰਪਨੀ ਦੇ ਹਵਾਲੇ ਕਰ ਦਿੱਤਾ ਗਿਆ। ਅੱਜ 31 ਜਨਵਰੀ ਦੀ ਰਾਤ 12 ਵਜੇ ਤੋਂ ਬਾਅਦ ਵਿਰਾਸਤੀ ਬਿਜਲੀ ਵਿਭਾਗ ਪ੍ਰਸ਼ਾਸਨ ਦਾ ਨਾ ਹੋ ਕੇ ਪ੍ਰਾਈਵੇਟ ਕੰਪਨੀ ਦਾ ਹੋ ਗਿਆ ਹੈ।

ਅੱਜ ਚੰਡੀਗੜ੍ਹ ਪ੍ਰਸ਼ਾਸਨ ਅਤੇ ਐਮੀਨੈਂਟ ਇਲੈਕਟ੍ਰੀਸਿਟੀ ਡਿਸਟ੍ਰੀਬਿਊਸ਼ਨ ਲਿਮਿਟਡ (ਈਈਡੀਐੱਲ) ਅਤੇ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਿਟਡ ਵਿਚਕਾਰ ਇੱਕ ਸ਼ੇਅਰ ਖਰੀਦ ਸਮਝੌਤੇ ’ਤੇ ਚੀਫ ਸੈਕਟਰੀ ਰਾਜੀਵ ਵਰਮਾ ਆਈਏਐੱਸ ਦੀ ਹਾਜ਼ਰੀ ਵਿੱਚ ਦਸਤਖਤ ਕੀਤੇ ਗਏ।

ਬਿਜਲੀ ਮੁਲਾਜ਼ਮਾਂ ਅਤੇ ਆਮ ਲੋਕਾਂ ਦਾ ਲਗਾਤਾਰ ਸੰਘਰਸ਼ ਵੀ ਪ੍ਰਸ਼ਾਸਨ ਸਾਹਮਣੇ ਉਸ ਸਮੇਂ ਫਿੱਕਾ ਪੈ ਗਿਆ ਜਦੋਂ 29 ਜਨਵਰੀ ਨੂੰ ਪ੍ਰਸ਼ਾਸਨ ਵੱਲੋਂ ਅਚਾਨਕ ਇੱਕ ਫੁਰਮਾਨ ਜਾਰੀ ਹੋਇਆ ਕਿ ਜਿਹੜਾ ਮੁਲਾਜ਼ਮ ਤੁਰੰਤ ਇੱਕ ਦਿਨ ਵਿੱਚ ਹੀ ਸਵੈ-ਇੱਛਤ ਸੇਵਾਮੁਕਤੀ (ਵੀਆਰਐੱਸ) ਲੈਂਦਾ ਹੈ ਤਾਂ ਉਸ ਨੂੰ ਤਿੰਨ ਮਹੀਨੇ ਦੀ ਤਨਖਾਹ ਸਰਕਾਰ ਕੋਲ ਜਮ੍ਹਾਂ ਨਹੀਂ ਕਰਵਾਉਣੀ ਪਵੇਗੀ।

ਵਿਭਾਗ ਅਤੇ ਆਪਣਾ ਭਵਿੱਖ ਪ੍ਰਾਈਵੇਟ ਹੱਥਾਂ ਵਿੱਚ ਜਾਂਦਾ ਵੇਖ 30 ਜਨਵਰੀ ਨੂੰ ਹੀ 200 ਦੇ ਕਰੀਬ ਮੁਲਾਜ਼ਮਾਂ ਨੇ ਵੀਆਰਐੱਸ ਦੇ ਫਾਰਮ ਭਰ ਦਿੱਤੇ ਜਿਸ ਕਰਕੇ ਮੁਲਾਜ਼ਮ ਸ਼ਕਤੀ ਕਮਜ਼ੋਰ ਹੋ ਗਈ।

ਪੁਲੀਸ ਨੇ ਬਿਜਲੀ ਕਾਮਿਆਂ ਦੇ ਰੋਸ ਪ੍ਰਦਰਸ਼ਨ ਨੂੰ ਕੀਤਾ ਅਸਫ਼ਲ

ਨਿੱਜੀਕਰਨ ਖਿਲਾਫ਼ ਪ੍ਰਦਰਸ਼ਨ ਲਈ ਇਕੱਠੇ ਹੋਏ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ।

ਅੱਜ 31 ਜਨਵਰੀ ਨੂੰ ਪੂਰਾ ਦਿਨ ਬਾਕੀ ਰਹਿੰਦੇ ਬਿਜਲੀ ਮੁਲਾਜ਼ਮਾਂ ਨਾਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਹਰ ਨਫ਼ੇ-ਨੁਕਸਾਨ ਸਮਝਾਏ ਗਏ ਜਿਸ ਦੇ ਚਲਦਿਆਂ ਮੁਲਾਜ਼ਮ ਵੀ ਲਗਭਗ ਸਮਝੌਤਾਵਾਦੀ ਹੋ ਚੁੱਕੇ ਹਨ ਅਤੇ ਕੰਪਨੀ ਵਿੱਚ ਆਪਣੀਆਂ ਸ਼ਰਤਾਂ ’ਤੇ ਕੰਮ ਕਰਨ ਲਈ ਤਿਆਰ ਹੋ ਚੁੱਕੇ ਹਨ। ਇਸੇ ਦੇ ਮੱਦੇਨਜ਼ਰ ਅੱਜ ਮੁਲਾਜ਼ਮਾਂ ਵੱਲੋਂ ਕੋਈ ਕਿਸੇ ਕਿਸਮ ਦਾ ਰੋਸ ਮੁਜ਼ਾਹਰਾ ਨਹੀਂ ਕੀਤਾ ਗਿਆ। ਵਿਭਾਗ ਦੇ ਨਿੱਜੀਕਰਨ ਖਿਲਾਫ਼ ਬਿਜਲੀ ਮੁਲਾਜ਼ਮਾਂ ਅਤੇ ਕਈ ਸਥਾਨਕ ਜਥੇਬੰਦੀਆਂ ਵੱਲੋਂ ਅੱਜ 31 ਜਨਵਰੀ ਦੀ ਸ਼ਾਮ ਨੂੰ ਕਿਸਾਨ ਭਵਨ ਤੋਂ ਲੈ ਕੇ ਸੈਕਟਰ 17-ਪਲਾਜ਼ਾ ਤੱਕ ਕੀਤਾ ਜਾਣ ਵਾਲਾ ਰੋਸ ਪ੍ਰਦਰਸ਼ਨ ਵੀ ਪੁਲੀਸ ਨੇ ਅਫ਼ਸਲ ਕਰ ਦਿੱਤਾ।

ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਪ੍ਰਧਾਨ ਸ਼ਰਨਜੀਤ ਸਿੰਘ ਬੈਦਵਾਨ ਰਾਏਪੁਰ ਕਲਾਂ ਨੇ ਦੱਸਿਆ ਕਿ ਸ਼ਾਮ ਸਮੇਂ ਜਿਉਂ ਹੀ ਜਥੇਬੰਦੀਆਂ ਦੇ ਆਗੂ ਕਿਸਾਨ ਭਵਨ ਵਿਖੇ ਇਕੱਠੇ ਹੋਏ ਤਾਂ ਪਹਿਲਾਂ ਤੋਂ ਹੀ ਤਿਆਰ ਬੈਠੀ ਪੁਲੀਸ ਨੇ ਨੌਜਵਾਨ ਕਿਸਾਨ ਏਕਤਾ ਦੇ ਪ੍ਰਧਾਨ ਕਿਰਪਾਲ ਸਿੰਘ, ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਸਮੇਤ ਮਨਦੀਪ ਸਿੰਘ, ਹਰਵਿੰਦਰ ਸਿੰਘ, ਓਮ ਪ੍ਰਕਾਸ਼ ਨੂੰ ਪੁਲੀਸ ਹਿਰਾਸਤ ਵਿੱਚ ਲੈ ਪੁਲੀਸ ਥਾਣੇ ਪਹੁੰਚਾ ਦਿੱਤਾ ਜਿੱਥੇ ਕਿ ਦੇਰ ਰਾਤ ਤੱਕ ਉਨ੍ਹਾਂ ਨੂੰ ਬਿਠਾ ਕੇ ਰੱਖਿਆ ਗਿਆ।

ਬਦਲਾਅ ਨਾਲ ਬਿਜਲੀ ਸੇਵਾਵਾਂ ’ਚ ਸੁਧਾਰ ਹੋਵੇਗਾ: ਬੁਲਾਰਾ

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਰਪੀ-ਸੰਜੀਵ ਗੋਇਨਕਾ (ਆਰਪੀ-ਐਸਜੀ) ਗਰੁੱਪ ਆਪਣੀ ਸਹਾਇਕ ਕੰਪਨੀ ਐਮੀਨੈਂਟ ਇਲੈਕਟ੍ਰੀਸਿਟੀ ਡਿਸਟ੍ਰੀਬਿਊਸ਼ਨ ਲਿਮਟਿਡ (ਈਈਡੀਐਲ) ਰਾਹੀਂ, ਪੰਜਾਬ ਅਤੇ ਹਰਿਆਣਾ ਹਾਈਕੋਰਟ (ਨਵੰਬਰ 2024) ਅਤੇ ਸੁਪਰੀਮ ਕੋਰਟ (ਦਸੰਬਰ 2024) ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਅਧਿਕਾਰਤ ਤੌਰ ’ਤੇ ਬਿਜਲੀ ਵੰਡ ਵਿੱਚ ਪ੍ਰਵੇਸ਼ ਕਰੇਗਾ ਜਦਕਿ ਪ੍ਰਚੂਨ ਸਪਲਾਈ ਕਾਰੋਬਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਨਿੱਜੀਕਰਨ ਯੋਜਨਾ ਤਹਿਤ ਪੂਰਾ ਬਿਜਲੀ ਵੰਡ ਅਤੇ ਪ੍ਰਚੂਨ ਸਪਲਾਈ ਕਾਰਜ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀਡੀਪੀਐਲ) ਨੂੰ ਤਬਦੀਲ ਕਰ ਦਿੱਤਾ ਗਿਆ ਹੈ, ਜੋ ਕਿ ਈਈਡੀਐਲ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਬੁਲਾਰੇ ਨੇ ਦੱਸਿਆ ਕਿ ਇਸ ਬਦਲਾਅ ਨਾਲ ਚੰਡੀਗੜ੍ਹ ਦੇ 2.35 ਲੱਖ ਤੋਂ ਵੱਧ ਖਪਤਕਾਰਾਂ ਲਈ ਬਿਜਲੀ ਸੇਵਾਵਾਂ ਵਿੱਚ ਕਾਫ਼ੀ ਸੁਧਾਰ ਹੋਵੇਗਾ। ਈਈਡੀਐੱਲ ਨੇ ਕਰਮਚਾਰੀ ਸੇਵਾ ਸ਼ਰਤਾਂ ਅਤੇ ਪੈਨਸ਼ਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ 871 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜੋ ਕਿ ਰਿਜ਼ਰਵ ਕੀਮਤ ਤੋਂ ਕਿਤੇ ਵੱਧ ਹੈ। ਸਮਾਰਟ ਗਰਿੱਡਾਂ ਅਤੇ ਵੰਡ ਨੈੱਟਵਰਕਾਂ ਵਿੱਚ ਮਹੱਤਵਪੂਰਨ ਨਿਵੇਸ਼ 24x7 ਭਰੋਸੇਯੋਗ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣਗੇ।

ਕੰਪਨੀ ਵੱਲੋਂ ਮੁਲਾਜ਼ਮ ਹਿੱਤਾਂ ਨੂੰ ਸੁਰੱਖਿਅਤ ਰੱਖਣ ਦਾ ਭਰੋਸਾ

ਬਿਜਲੀ ਵਿਭਾਗ ਚੰਡੀਗੜ੍ਹ ਦੇ ਨਿੱਜੀਕਰਨ ਵਿਰੁੱਧ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੇ ਸ਼ੰਕਿਆਂ ਨੂੰ ਦੂਰ ਕਰਨ ਸਬੰਧੀ ਆਰਪੀ ਸੰਜੀਵ ਗੋਇੰਕਾ ਗਰੁੱਪ ਦੀ ਸਹਾਇਕ ਕੰਪਨੀ ਇਮੀਨੈਂਟ ਇਲੈਕਟ੍ਰੀਸਿਟੀ ਡਿਸਟ੍ਰੀਬਿਊਸ਼ਨ ਲਿਮਟਿਡ ਦੇ ਸੀਨੀਅਰ ਅਧਿਕਾਰੀ ਪੀਆਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਿਜਲੀ ਵਿਭਾਗ ਦੇ ਨਿੱਜੀਕਰਨ ਤੋਂ ਬਾਅਦ ਮੁਲਾਜ਼ਮਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਿਆ ਜਾਵੇਗਾ। ਸੇਵਾਮੁਕਤ ਹੋਣ ਤੋਂ ਬਾਅਦ ਮੁਲਾਜ਼ਮਾਂ ਦੀ ਪੈਨਸ਼ਨ, ਗ੍ਰੈਚੁਟੀ ਅਤੇ ਹੋਰ ਬਣਦੇ ਲਾਭ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਖਪਤਕਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਰ ਕਈ ਫ਼ੈਸਲੇ ਲਏ ਜਾਣਗੇ। ਲੋਕਾਂ ਦੀ ਸਹੂਲਤ ਲਈ 24 ਘੰਟੇ ਸੇਵਾ ਵਿੱਚ ਮੌਜੂਦ ਰਹਿਣ ਲਈ ‘ਕਾਲ-ਸੈਂਟਰ’ ਸਥਾਪਿਤ ਕੀਤਾ ਜਾਵੇਗਾ ਅਤੇ ਇੱਕ ਸੇਵਾ ਕੇਂਦਰ ਸਥਾਪਤ ਕੀਤਾ ਜਾਵੇਗਾ ਜਿੱਥੇ ਨਵੇਂ ਕੁਨੈਕਸ਼ਨ, ਬਿਲਾਂ ਵਿੱਚ ਸੁਧਾਰ ਅਤੇ ਭੁਗਤਾਨ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਦਾ 48 ਘੰਟੇ ਵਿੱਚ ਨਿਬੇੜਾ ਕੀਤਾ ਜਾਵੇਗਾ।

ਬਿਜਲੀ ਕਾਮਿਆਂ ਵੱਲੋਂ ਖਰੜ ਵਿੱਚ ਰੋਸ ਰੈਲੀ

ਖਰੜ ਵਿੱਚ ਰੈਲੀ ਕਰਦੇ ਹੋਏ ਬਿਜਲੀ ਕਰਮਚਾਰੀ।

ਖਰੜ (ਸ਼ਸ਼ੀ ਪਾਲ ਜੈਨ): ਪੀਐੱਸਈਬੀ ਐਂਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼ ਦੇ ਸੱਦੇ ’ਤੇ ਖਰੜ ਡਿਵੀਜਨ ਦੇ ਬਿਜਲੀ ਕਾਮਿਆਂ ਵੱਲੋਂ ਖਰੜ ਡਿਵੀਜਨ ਬਿਜਲੀ ਦਫ਼ਤਰ ਵਿੱਚ ਬਲਜਿੰਦਰ ਸਿੰਘ ਡਿਵੀਜਨ ਸੈਕਟਰੀ ਟੀਐੱਸਯੂ, ਐੱਮਐੱਸਯੂ ਡਿਵੀਜਨ ਖਰੜ ਰੰਜੂ, ਰਣਵੀਰ ਸਿੰਘ ਐਂਪਲਾਇਜ਼ ਫੈਡਰੇਸ਼ਨ ਏਟਕ, ਦਵਿੰਦਰ ਸਿੰਘ ਪ੍ਰਧਾਨ ਟੀਐੱਸਯੂ ਭੰਗਲ ਅਤੇ ਅਤੁੱਲ ਸਿਧਾਣਾ ਪ੍ਰਧਾਨ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ। ਇਸ ਰੋਸ ਰੈਲੀ ਨੂੰ ਸੁਖਵਿੰਦਰ ਸਿੰਘ ਦੁੱਮਣਾ ਮੈਂਬਰ ਜੁਆਇੰਟ ਫੋਰਮ ਪੰਜਾਬ, ਰਣਜੀਤ ਸਿੰਘ ਢਿੱਲੋਂ ਸੂਬਾ ਪ੍ਰਧਾਨ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰ, ਜਗਦੀਸ਼ ਪੈਨਸ਼ਨਰ ਯੂਨੀਅਨ, ਨਿਰਮਲ ਸਿੰਘ ਫੈਡਰੇਸ਼ਨ ਏਟਕ, ਸ਼ੇਰ ਸਿੰਘ ਟੀਐੱਸਯੂ ਖਰੜ, ਪ੍ਰੀਤੀ ਸ਼ਰਮਾ, ਬਲਵਿੰਦਰ ਸਿੰਘ ਸਾਬਕਾ ਸਰਕਲ ਆਗੂ ਟੀਐਸਯੂ, ਬਲਜਿੰਦਰ ਸਿੰਘ ਡਿਵੀਜਨ ਸਕੱਤਰ ਖਰੜ, ਸੁਖਵਿੰਦਰ ਸਿੰਘ ਕੁਰਾਲੀ ਅਤੇ ਗਗਨ ਰਾਣਾ ਨੇ ਸੰਬੋਧਨ ਕੀਤਾ। ਇਸ ਮੌਕੇ ਸਰਬਜੀਤ ਸਿੰਘ, ਯੋਗਰਾਜ ਪ੍ਰਧਾਨ, ਬਲਜਿੰਦਰ ਸਿੰਘ ਹੈਪੀ, ਕੁਲਵੰਤ ਸਿੰਘ, ਮੱਲ ਸਿੰਘ, ਗੁਰਬਚਨ ਸਿੰਘ ਹਾਜ਼ਰ ਸਨ।

ਸ੍ਰੀ ਆਨੰਦਪੁਰ ਸਾਹਿਬ ਵਿਖੇ ਪ੍ਰਦਰਸ਼ਨ
ਸ੍ਰੀ ਆਨੰਦਪੁਰ ਸਾਹਿਬ ਵਿਖੇ ਪ੍ਰਦਰਸ਼ਨ ਕਰਦੇ ਹੋਏ ਬਿਜਲੀ ਮੁਲਾਜ਼ਮ।

ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਬਿਜਲੀ ਕਾਮਿਆਂ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮ ਮਾਰੂ ਫ਼ੈਸਲੇ ਦੇ ਵਿਰੋਧ ਵਿਚ ਅੱਜ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਡਵੀਜ਼ਨ ਦਫ਼ਤਰ ਸ੍ਰੀ ਆਨੰਦਪੁਰ ਸਾਹਿਬ ਅੱਗੇ ਕੀਤੀ ਗਈ ਰੋਸ ਰੈਲੀ ਵਿਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਜਲੀ ਵਿਭਾਗ ਨਿੱਜੀ ਕੰਪਨੀ ਨੂੰ ਸੌਂਪਣ ਦੇ ਲੋਕ ਵਿਰੋਧੀ ਕਦਮਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ। ਇਸ ਰੋਸ ਪ੍ਰਦਰਸ਼ਨ ਪ੍ਰੋਗਰਾਮ ਦੀ ਪ੍ਰਧਾਨਗੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਨੁਮਾਇੰਦੇ ਜਰਨੈਲ ਸਿੰਘ, ਫੈਡਰੇਸ਼ਨ ਏਟਕ ਵਲੋਂ ਦੇਸ ਰਾਜ ਘਈ, ਟੀਐੱਸਯੂ ਸੋਡੀ ਵੱਲੋਂ ਅਵਤਾਰ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ। ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਸਬ ਡਵੀਜ਼ਨਾਂ ਤੋਂ ਪਿਛਲੇ ਦਿਨੀ ਭਾਨੁਪਲੀ, ਨੰਗਲ ਅਤੇ ਕੀਰਤਪੁਰ ਸਾਹਿਬ ਵਿਖੇ ਕੀਤੇ ਗਏ ਕਰਮਚਾਰੀਆਂ ਦੇ ਤਬਾਦਲਿਆਂ ਤੇ ਵੀ ਰੋਸ ਪ੍ਰਗਟ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਹ ਬਦਲੀਆਂ ਰੱਦ ਨਾ ਕੀਤੀਆਂ ਗਈਆਂ ਤਾਂ ਸਮੁੱਚੀ ਡਵੀਜ਼ਨ ਦਾ ਕੰਮ ਜਾਮ ਕੀਤਾ ਜਾਵੇਗਾ।

Advertisement