ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਟੀ ਪ੍ਰਸ਼ਾਸਨ ਵੱਲੋਂ ਕਾਮਿਆਂ ਦੇ ਡੀਸੀ ਰੇਟ ਵਿੱਚ 5 ਫ਼ੀਸਦ ਵਾਧਾ

ਨਵੀਅਾਂ ਦਰਾਂ ਪਹਿਲੀ ਅਪਰੈਲ 2025 ਤੋਂ ਹੋਣਗੀਆਂ ਲਾਗੂ
Advertisement

ਯੂਟੀ ਪ੍ਰਸ਼ਾਸਨ ਨੇ ਡੀਸੀ ਦਰਾਂ ’ਤੇ ਕੰਮ ਕਰਨ ਵਾਲੇ ਹਜ਼ਾਰਾ ਕਾਮਿਆਂ ਦੇ ਹਿੱਤ ਵਿੱਚ ਫ਼ੈਸਲਾ ਲੈਂਦਿਆ ਵਿੱਤੀ ਵਰ੍ਹੇ 2025-26 ਲਈ ਕਾਿਮਆਂ ਦੇ ਡੀਸੀ ਰੇਟ ਵਿੱਚ 5 ਫ਼ੀਸਦ ਦਾ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੁਝ ਫੀਲਡ ਦੇ ਕਾਮਿਆਂ ਦੇ ਡੀਸੀ ਰੇਟਾਂ ਵਿੱਚ 20 ਤੋਂ 25 ਫ਼ੀਸਦ ਤੱਕ ਦਾ ਵਾਧਾ ਵੀ ਕੀਤਾ ਗਿਆ ਹੈ। ਇਹ ਨਵੀਆਂ ਦਰਾਂ ਪਹਿਲੀ ਅਪਰੈਲ 2025 ਤੋਂ ਲਾਗੂ ਹੋਣਗੀਆਂ। ਪ੍ਰਸ਼ਾਸਨ ਦੇ ਬੁਲਾਰੇ ਨੇ ਕਿਹਾ ਕਿ ਇਹ ਨਵੀਆਂ ਦਰਾਂ ਯੂਟੀ ਪ੍ਰਸ਼ਾਸਨ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਪਬਲਿਕ ਸੈਕਟਰ ਅੰਡਰਟੇਕਿੰਗ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਖੁਦਮੁਖਤਿਆਰੀ ਸੰਸਥਾਵਾਂ ਵਿੱਚ ਡੀਸੀ ਰੇਟ ’ਤੇ ਕੰਮ ਕਰਦੇ ਕਾਮਿਆਂ ’ਤੇ ਲਾਗੂ ਹੋਣਗੀਆਂ। ਇਹ ਆਦੇਸ਼ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਵੱਲੋਂ ਜਾਰੀ ਕੀਤੇ ਗਏ ਹਨ। ਇਸ ਦਾ ਲਾਭ ਯੂਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ 20 ਹਜ਼ਾਰ ਦੇ ਕਰੀਬ ਆਊਟਸੋਰਸਡ ਕਾਮਿਆਂ ਨੂੰ ਮਿਲੇਗਾ। ਡੀਸੀ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਜਿਨ੍ਹਾਂ ਕਰਮਚਾਰੀਆਂ ਨੂੰ 21,600 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਸੀ, ਉਨ੍ਹਾਂ ਨੂੰ 22,680 ਰੁਪਏ ਦਿੱਤੇ ਜਾਣਗੇ। ਇਸ ਦੌਰਾਨ ਏਸੀ ਅਪਰੇਟਰ ਨੂੰ 24222 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਸੀ, ਉਸ ਨੂੰ 25433 ਰੁਪਏ, ਆਯੂਸ਼ਮਾਨ ਮਿੱਤਰ ਨੂੰ 24,222 ਰੁਪਏ ਪ੍ਰਤੀ ਮਹੀਨਾ ਮਿਲਦੇ ਸੀ, ਉਸ ਦੀ ਤਨਖਾਹ ਵਿੱਚ 25 ਫ਼ੀਸਦ ਦਾ ਵਾਧਆ ਕਰਕੇ 30,850 ਰੁਪਏ ਕਰ ਦਿੱਤੀ ਹੈ। ਜਦੋਂ ਕਿ ਬੁੱਕ ਬਾਈਂਡਰ ਨੂੰ 25,791 ਰੁਪਏ ਦੀ ਥਾਂ 30,850 ਰੁਪਏ ਅਤੇ ਅੱਖਾਂ ਦੇਖਣ ਵਾਲੇ ਨੂੰ 18058 ਦੀ ਥਾਂ ’ਤੇ 25433 ਰੁਪਏ ਅਤੇ ਕਲਰਕ ਤੇ ਰਿਸੇਪਸ਼ਨਿਸ਼ਟ ਦੀ ਤਨਖਾਹ 25,791 ਤੋਂ ਵਧਾ ਕੇ 30,850 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ। ਇਹ ਆਦੇਸ਼ ਚੰਡੀਗੜ੍ਹ ਵਿੱਚ ਸਥਿਤ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ਦੇ ਦਫ਼ਤਰਾਂ ਦੇ ਮੁਲਾਜ਼ਮਾਂ ’ਤੇ ਲਾਜ਼ਮੀ ਤੌਰ ’ਤੇ ਲਾਗੂ ਨਹੀਂ ਹੁੰਦੇ ਹਨ। ਉਹ ਆਪਣੇ ਕਰਮਚਾਰੀਆਂ ਲਈ ਇਨ੍ਹਾਂ ਡੀਸੀ ਦਰਾਂ ਨੂੰ ਅਪਣਾਉਣ ਬਾਰੇ ਆਪਣਾ ਫ਼ੈਸਲਾ ਲੈ ਸਕਦੇ ਹਨ।

ਡੀਸੀ ਵੱਲੋਂ ਜਾਰੀ ਕੀਤੇ ਇਹ ਆਦੇਸ਼ ਪਹਿਲੀ ਅਪਰੈਲ 2025 ਤੋਂ 31 ਮਾਰਚ 2026 ਤੱਕ ਲਾਗੂ ਰਹਿਣਗੇ। ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਪਿਛਲੇ ਸਾਲ ਕਾਮਿਆਂ ਦੇ ਡੀਸੀ ਰੇਟ ਵਿੱਚ 8 ਫ਼ੀਸਦ ਦਾ ਵਾਧਾ ਕੀਤਾ ਸੀ।

Advertisement

ਕੋਆਰਡੀਨੇਸ਼ਨ ਕਮੇਟੀ ਦੇ ਸੰਘਰਸ਼ਾਂ ਨੂੰ ਬੂਰ ਪਿਆ

ਚੰਡੀਗੜ੍ਹੜ (ਪੱਤਰ ਪ੍ਰੇਰਕ): ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐੱਮ.ਸੀ. ਐਂਪਲਾਈਜ਼ ਤੇ ਵਰਕਰਜ਼ ਯੂ.ਟੀ. ਚੰਡੀਗੜ੍ਹ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਅੱਜ ਉਸ ਸਮੇਂ ਬੂਰ ਪਿਆ ਜਦੋਂ ਯੂਟੀ ਪ੍ਰਸ਼ਾਸਨ ਵੱਲੋਂ ਸਾਲ 2025-26 ਲਈ ਆਊਟਸੋਰਸਡ ਕਾਮਿਆਂ ਦੀਆਂ ਤਨਖਾਹਾਂ ਵਿੱਚ ਸੋਧੀਆਂ ਹੋਈਆਂ ਡੀਸੀ ਦਰਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਕੋਆਰਡੀਨੇਸ਼ਨ ਕਮੇਟੀ ਦੇ ਵਫ਼ਦ ਨੂੰ ਬੁਲਾ ਕੇ ਨੋਟੀਫਿਕੇਸ਼ਨ ਦੀ ਕਾਪੀ ਵੀ ਸੌਂਪੀ ਗਈ ਜਿਸ ਦੌਰਾਨ ਵਫ਼ਦ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ ਗਿਆ। ਜਥੇਬੰਦੀ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਹੋਈ ਨੋਟੀਫਿਕੇਸ਼ਨ ਨਾਲ ਚੰਡੀਗੜ੍ਹ ਦੇ ਲਗਪਗ 18 ਹਜ਼ਾਰ ਆਊਟਸੋਰਸਡ ਕਾਮਿਆਂ ਦੀਆਂ 537 ਸ਼੍ਰੇਣੀਆਂ ਦੀ ਤਨਖਾਹ ਵਿੱਚ 5 ਪ੍ਰਤੀਸ਼ਤ ਦਾ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਕੋਆਰਡੀਨੇਸ਼ਨ ਕਮੇਟੀ ਵੱਲੋਂ ਡੀ.ਸੀ. ਦਰਾਂ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਅਤੇ ਲੜੀਵਾਰ ਭੁੱਖ ਹੜਤਾਲ ਵੀ ਕੀਤੀ ਜਾ ਰਹੀ ਸੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ 25 ਅਗਸਤ ਨੂੰ ਪ੍ਰਸ਼ਾਸਨ ਨਾਲ ਹੋਏ ਸਮਝੌਤੇ ਤਹਿਤ ਅਤੇ ਏ.ਡੀ.ਸੀ. ਵੱਲੋਂ ਦਿੱਤੇ ਗਏ ਭਰੋਸੇ ਉਪਰੰਤ ਇਹ ਭੁੱਖ ਹੜਤਾਲ ਮੁਲਤਵੀ ਕਰ ਦਿੱਤੀ ਗਈ ਸੀ। ਅੱਜ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਸਮੁੱਚੇ ਕਾਮਿਆਂ ਵਿੱਚ ਖੁਸ਼ੀ ਦਾ ਮਾਹੌਲ ਅਤੇ ਇਹ ਉਨ੍ਹਾਂ ਦੇ ਸੰਘਰਸ਼ ਦੀ ਜਿੱਤ ਵੀ ਹੈ।

Advertisement
Show comments