US Deportation: ਭਾਰਤੀਆਂ ਨੂੰ ਹਥਕੜੀਆਂ ਤੇ ਬੇੜੀਆਂ ਲਾ ਕੇ Deport ਕੀਤੇ ਜਾਣ ਦਾ ਵਿਰੋਧ
ਵਿਰੋਧੀ ਪਾਰਟੀਆਂ ਨੇ ਸੰਸਦ ’ਚ ਉਠਾਇਆ ਮੁੱਦਾ; ਅਮਰੀਕਾ ਨੂੰ ਭਾਰਤੀਆਂ ਨਾਲ ਬਦਸਲੂਕੀ ਨਾ ਕਰਨ ਲਈ ਕਹਾਂਗੇ: ਜੈਸ਼ੰਕਰ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 6 ਫਰਵਰੀ
ਅਮਰੀਕਾ ਦੀ ਸਰਹੱਦੀ ਸੁਰੱਖਿਆ ਏਜੰਸੀ United States Customs and Border Protection (USBP) ਵੱਲੋਂ ਬੀਤੇ ਦਿਨ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਹਥਕੜੀਆਂ ਅਤੇ ਬੇੜੀਆਂ ਵਿਚ ਜਕੜ ਕੇ ਭਾਰਤ ਭੇਜੇ ਜਾਣ ਦੀ ਵੀਡੀਓ ਫੁਟੇਜ ਜਾਰੀ ਕਰਨ ’ਤੇ ਭਾਰਤ ਭਰ ਵਿਚ ਗੁੱਸਾ ਤੇ ਰੋਹ ਪਾਇਆ ਜਾ ਰਿਹਾ ਹੈ।
USBP ਮੁਖੀ ਮਾਈਕਲ ਡਬਲਿਊ ਬੈਂਕਸ (Michael W. Banks) ਨੇ ਵੀਰਵਾਰ ਨੂੰ ਵੀਡੀਓ ਸਾਂਝਾ ਕਰਦਿਆਂ ਲਿਖਿਆ ਹੈ: "USBP ਅਤੇ ਭਾਈਵਾਲਾਂ ਨੇ ਗੈਰ-ਕਾਨੂੰਨੀ ਵਿਦੇਸ਼ੀਆਂ ਨੂੰ ਸਫਲਤਾਪੂਰਵਕ ਭਾਰਤ ਵਾਪਸ ਭੇਜ ਦਿੱਤਾ ਹੈ, ਜੋ ਕਿ ਫੌਜੀ ਆਵਾਜਾਈ ਦੀ ਵਰਤੋਂ ਕਰ ਕੇ ਹੁਣ ਤੱਕ ਦੀ ਸਭ ਤੋਂ ਦੂਰੇਡੀ ਦੇਸ਼ ਨਿਕਾਲੇ (deportation) ਦੀ ਉਡਾਣ ਹੈ। ਇਹ ਮਿਸ਼ਨ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਗੈਰਕਾਨੂੰਨੀ ਤੌਰ ’ਤੇ ਆਏ ਲੋਕਾਂ ਨੂੰ ਤੇਜ਼ੀ ਨਾਲ ਹਟਾਉਣ ਦੀ ਕਾਰਵਾਈ ਨੂੰ ਯਕੀਨੀ ਬਣਾਉਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਜੇ ਤੁਸੀਂ ਗੈਰਕਾਨੂੰਨੀ ਤੌਰ 'ਤੇ ਸਰਹੱਦ ਪਾਰ ਕਰਦੇ ਹੋ, ਤਾਂ ਤੁਹਾਨੂੰ ਮੁਲਕ ਵਿਚੋਂ ਕੱਢ ਦਿੱਤਾ ਜਾਵੇਗਾ।"
ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇਹ ਭਾਰਤੀ ਹੱਥਾਂ ਵਿਚ ਹਥਕੜੀਆਂ ਅਤੇ ਪੈਰਾਂ ਵਿਚ ਬੇੜੀਆਂ ਨਾਲ ਜਕੜੇ ਹੋਏ ਅਮਰੀਕੀ ਜਹਾਜ਼ ਵਿੱਚ ਦਾਖਲ ਹੋ ਰਹੇ ਹਨ। ਡਿਪੋਰਟ ਕੀਤੇ ਗਏ ਲੋਕ ਅਮਰੀਕੀ ਹਵਾਈ ਸੈਨਾ ਦੇ ਜਹਾਜ਼ C-17 ਗਲੋਬਮਾਸਟਰ ਵਿੱਚ ਸਵਾਰ ਹੁੰਦੇ ਦਿਖਾਈ ਦੇ ਰਹੇ ਹਨ। ਉਹ ਬੁੱਧਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੇ।
ਉਨ੍ਹਾਂ ਨਾਲ ਕੀਤੇ ਗਏ ਅਜਿਹੇ ‘ਅਣਮਨੁੱਖੀ’ ਸਲੂਕ ਦਾ ਸੰਸਦ ਵਿਚ ਵਿਰੋਧੀ ਪਾਰਟੀਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਇਸ ਤੋਂ ਬਾਅਦ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਨਵੀਂ ਦਿੱਲੀ ਇਹ ਯਕੀਨੀ ਬਣਾਏ ਜਾਣ ਲਈ ਅਮਰੀਕਾ ਨਾਲ ਗੱਲਬਾਤ ਕਰ ਰਹੀ ਹੈ ਕਿ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਸਮੇਂ ਉਨ੍ਹਾਂ ਨਾਲ ਅਜਿਹੀ ਬਦਸਲੂਕੀ ਨਾ ਕੀਤੀ ਜਾਵੇ।
ਜੈਸ਼ੰਕਰ ਨੇ ਸੰਸਦ ਨੂੰ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਦੁਆਰਾ ਅਪਣਾਈ ਗਈ ਦੇਸ਼ ਨਿਕਾਲੇ ਦੀ ਇਹ ਪ੍ਰਕਿਰਿਆ ਕੋਈ ਨਵੀਂ ਨਹੀਂ ਹੈ ਅਤੇ ਇਹ ਨੀਤੀ ਪਰਵਾਸੀਆਂ ਨੂੰ ਉਨ੍ਹਾਂ ਦੇ ਜੱਦੀ ਮੁਲਕਾਂ ਵਿੱਚ ਵਾਪਸ ਭੇਜੇ ਜਾਣ ਅਤੇ ਅਜਿਹੀਆਂ ਪਾਬੰਦੀਆਂ ਦੀ ਵਰਤੋਂ ਦੀ ਇਜਾਜ਼ਤ ਦਿੰਦੀ ਹੈ।
ਅਮਰੀਕਾ ਨੇ ਇਹ ਕਾਰਵਾਈ ਅਮਰੀਕੀ ਕਾਰਵਾਈ ਰਾਸ਼ਟਰਪਤੀ ਡੋਨਲਡ ਟਰੰਪ (President Donald Trump) ਨਾਲ ਵਿਆਪਕ ਗੱਲਬਾਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵੱਲੋਂ ਵਾਸ਼ਿੰਗਟਨ ਦੇ ਕੀਤੇ ਜਾਣ ਵਾਲੇ ਦੌਰੇ ਤੋਂ ਕੁਝ ਦਿਨ ਪਹਿਲਾਂ ਕੀਤੀ ਹੈ।
ਡਿਪੋਰਟ ਕੀਤੇ ਗਏ ਲੋਕਾਂ ਤੋਂ ਹਵਾਈ ਅੱਡੇ ਦੀ ਟਰਮੀਨਲ ਇਮਾਰਤ ਦੇ ਅੰਦਰ ਪੰਜਾਬ ਪੁਲੀਸ ਸਮੇਤ ਵੱਖ-ਵੱਖ ਸਰਕਾਰੀ ਏਜੰਸੀਆਂ ਅਤੇ ਸੂਬਾਈ ਤੇ ਕੇਂਦਰੀ ਖੁਫੀਆ ਏਜੰਸੀਆਂ ਵੱਲੋਂ ਪੁੱਛਗਿੱਛ ਕੀਤੀ ਗਈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਤਾਂ ਨਹੀਂ ਹੈ।