ਨਿਵੇਕਲਾ ਫ਼ੈਸਲਾ: ਮਾਣਕਪੁਰ ਸ਼ਰੀਫ਼ ਵਾਸੀ ਪ੍ਰੇਮ ਵਿਆਹ ਖ਼ਿਲਾਫ਼ ਹੋਏ ਸਖਤ
ਮਾਣਕਪੁਰ ਸ਼ਰੀਫ਼ ਦੀ ਇੱਕ ਕਲੋਨੀ ਵਿੱਚ ਆਹਮੋ-ਸਾਹਮਣੇ ਘਰਾਂ ਵਿੱਚ ਰਹਿੰਦੇ ਲੜਕੇ ਤੇ ਲੜਕੀ ਵੱਲੋਂ ਪ੍ਰੇਮ ਵਿਆਹ ਕਰਵਾਉਣ ਖ਼ਿਲਾਫ਼ ਰੋਹ ਵਿੱਚ ਆਏ ਪਿੰਡ ਵਾਸੀਆਂ ਦਾ ਇਕੱਠ ਹੋਇਆ। ਇਸ ਇਕੱਠ ਦੌਰਾਨ ਇਸ ਮਸਲੇ ਨੂੰ ਲੈ ਕੇ ਚਰਚਾ ਕੀਤੀ ਗਈ ਅਤੇ ਗ੍ਰਾਮ ਸਭਾ ਦੀ ਸਹਿਮਤੀ ਨਾਲ ਪਿੰਡ ਦੀ ਪੰਚਾਇਤ ਨੇ ਫ਼ੈਸਲਾ ਕੀਤਾ ਕਿ ਪਿੰਡ ਪ੍ਰੇਮ ਵਿਆਹ ਕਰਵਾਉਣ ਵਾਲਿਆਂ ਨੂੰ ਢੋਈ ਨਹੀਂ ਦੇਵੇਗਾ।
ਸਰਪੰਚ ਦਲਬੀਰ ਸਿੰਘ ਨੇ ਦੱਸਿਆ ਕਿ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇਹ ਮਤਾ ਪਾਸ ਕੀਤਾ ਕਿ ਜੇਕਰ ਪਿੰਡ ਦਾ ਕੋਈ ਵੀ ਲੜਕਾ ਜਾਂ ਲੜਕੀ ਮਾਪਿਆਂ ਦੀ ਸਹਿਮਤੀ ਬਗੈਰ ਘਰੋਂ ਭੱਜ ਕੇ ਵਿਆਹ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਪਿੰਡ ਅਤੇ ਨੇੜਲੇ ਪਿੰਡ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ।
ਇਸ ਤੋਂ ਇਲਾਵਾ ਅਜਿਹੇ ਜੋੜੇ ਨੂੰ ਪਿੰਡ ਦੀਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ ਜਾਵੇਗਾ। ਸਰਪੰਚ ਦਲਵੀਰ ਸਿੰਘ ਨੇ ਦੱਸਿਆ ਕਿ ਜੇਕਰ ਪੰਚਾਇਤ ਦੇ ਇਸ ਮਤੇ ਖ਼ਿਲਾਫ਼ ਜੋੜੇ ਦਾ ਕੋਈ ਪਰਿਵਾਰਿਕ ਮੈਂਬਰ ਜਾਂ ਪਿੰਡ ਵਾਸੀ ਉਲੰਘਣਾ ਕਰਕੇ ਪ੍ਰੇਮ ਵਿਆਹ ਕਰਵਾਉਣ ਵਾਲਿਆਂ ਦੀ ਮਦਦ ਕਰੇਗਾ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਗ੍ਰਾਮ ਸਭਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਅਜਿਹੀ ਗਲਤੀ ਕਰਨ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਵਲੋਂ ਸਖ਼ਤੀ ਵਰਤੀ ਜਾਵੇ ਅਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇੱਕ ਭਾਈਚਾਰੇ ਦੀ ਲੜਕੀ ਤੇ ਲੜਕੇ ਵੱਲੋਂ ਪ੍ਰੇਮ ਵਿਆਹ ਕਰਵਾਉਣ ਕਾਰਨ ਉਨ੍ਹਾਂ ਨੂੰ ਇਹ ਫ਼ੈਸਲਾ ਕਰਨਾ ਪਿਆ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਵਰਤਾਰੇ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਵਿਆਹ ਸਮਾਜ ਤੇ ਭਾਈਚਾਰੇ ਲਈ ਸਹੀ ਨਹੀਂ ਹਨ।