ਪੀ ਜੀ ਆਈ ਨੂੰ ਠੇਕਾ ਮੁਲਾਜ਼ਮਾਂ ਵੱਲੋਂ ਅਲਟੀਮੇਟਮ
ਪੀ ਜੀ ਆਈ ਚੰਡੀਗੜ੍ਹ ਦੇ ਕੰਟਰੈਕਟ ਵਰਕਰਾਂ ’ਤੇ ਆਧਾਰਿਤ ਜੁਆਇੰਟ ਐਕਸ਼ਨ ਕਮੇਟੀ ਨੇ ਮੰਗਾਂ ਦੇ ਹੱਲ ਲੲ ਪੀ ਜੀ ਆਈ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਜੁਆਇੰਟ ਐਕਸ਼ਨ ਕਮੇਟੀ ਵੱਲੋਂ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਗਈ ਰੋਜ਼ਾਨਾ 24 ਘੰਟੇ ਦੀ ਭੁੱਖ ਹੜਤਾਲ ਅੱਜ 22ਵੇਂ ਦਿਨ ਵੀ ਜਾਰੀ ਰਹੀ। ਅੱਜ ਸੀਵਰ ਵਿਭਾਗ ਤੋਂ ਕੈਲਾਸ਼ ਅਤੇ ਸੈਨੀਟਰੀ ਅਟੈਂਡੈਂਟ ਸੰਜੇ ਕੁਮਾਰ ਹੜਤਾਲ ’ਤੇ ਬੈਠੇ। ਇਸ ਤੋਂ ਪਹਿਲਾਂ ਹਸਪਤਾਲ ਅਟੈਂਡੈਂਟ ਪਰਮਜੀਤ ਕੌਰ ਤੇ ਸੈਨੇਟਰੀ ਅਟੈਂਡੈਂਟ ਆਸ਼ਾ ਦੀ 24 ਘੰਟੇ ਦੀ ਹੜਤਾਲ ਖ਼ਤਮ ਹੋਣ ਉਪਰੰਤ ਜੂਸ ਪਿਲਾ ਕੇ ਉਠਾ ਦਿੱਤਾ ਗਿਆ ਤੇ ਅਗਲੇ ਦੋ ਮੈਂਬਰ ਹੜਤਾਲ ਉਤੇ ਬੈਠ ਗਏ। ਐਕਸ਼ਨ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਮੁੰਜਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨਾਂ ਮੁਕਾਬਕ ਪੀ ਜੀ ਆਈ, ਸੈਟੇਲਾਈਟ ਸੈਂਟਰ ਸੰਗਰੂਰ ਅਤੇ ਊਨਾ ਵਿੱਚ ਤਾਇਨਾਤ ਕੰਟਰੈਕਟ ਵਰਕਰਾਂ ਦੀ ਬਕਾਇਆ ਰਾਸ਼ੀ ਜਾਰੀ ਕਰਨਾ ਸ਼ਾਮਲ ਹੈ। ਪੀ ਜੀ ਆਈ ਦੇ ਡਾਇਰੈਕਟਰ ਵਿਵੇਕ ਲਾਲ 12 ਅਗਸਤ 2025 ਨੂੰ ਡਿਪਟੀ ਚੀਫ਼ ਲੇਬਰ ਕਮਿਸ਼ਨਰ ਚੰਡੀਗੜ੍ਹ ਨੂੰ ਦਿੱਤੇ ਗਏ ਆਪਣੇ ਲਿਖਤੀ ਭਰੋਸੇ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੇ। ਪ੍ਰਸ਼ਾਸਨ ਦੇ ਅੜੀਅਲ ਰਵੱਈਏ ਨੂੰ ਦੇਖਦਿਆਂ ਐਕਸ਼ਨ ਕਮੇਟੀ ਵੱਲੋਂ ਰੀਵਿਊ ਮੀਟਿੰਗ ਕਰਨ ਉਪਰੰਤ ਹੁਣ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਹੈ ਕਿ ਜੇਕਰ ਡਾਇਰੈਕਟਰ ਨੇ ਹਾਲੇ ਵੀ ਸੁਣਵਾਈ ਨਾ ਕੀਤੀ ਤਾਂ ਭੁੱਖ ਹੜਤਾਲ ਅਣਮਿਥੇ ਸਮੇਂ ਲਈ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 12 ਅਗਸਤ ਨੂੰ ਪੀ ਜੀ ਆਈ ਦੇ ਡਾਇਰੈਕਟਰ ਨੇ ਵਰਕਰਾਂ ਨੂੰ ਬਕਾਏ ਦਾ ਭੁਗਤਾਨ ਕਰਨ ਦਾ ਭਰੋਸਾ ਦਿੱਤਾ ਸੀ ਪਰ ਫਾਈਲ ਹਾਲੇ ਵੀ ਉਨ੍ਹਾਂ ਦੇ ਦਫ਼ਤਰ ਵਿੱਚ ਧੂੜ ਫੱਕ ਰਹੀ ਹੈ ਅਤੇ ਫੰਡ ਜਾਰੀ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਨਹੀਂ ਭੇਜੀ ਗਈ ਹੈ। ਮੁੰਜਾਲ ਨੇ ਦੱਸਿਆ ਕਿ ਵਰਕਰਾਂ ਦੀਆਂ ਮੁੱਢਲੀਆਂ ਤਨਖਾਹਾਂ ਅਤੇ ਮਹਿੰਗਾਈ ਭੱਤੇ ਦੇ ਬਕਾਇਆਂ ਲਈ ਦੇਣਯੋਗ ਕਰੀਬ 76 ਕਰੋੜ ਰੁਪਏ ਦੀ ਰਾਸ਼ੀ ਪੀ ਜੀ ਆਈ ਪ੍ਰਬੰਧਨ ਰਿਲੀਜ਼ ਨਹੀਂ ਕਰ ਰਿਹਾ ਹੈ।
