ਉਦੈਵੀਰ ਸਿੰਘ ਢਿੱਲੋਂ ਵੱਲੋਂ ਮੀਂਹ ਪ੍ਰਭਾਵਿਤ ਪਿੰਡ ਮਗਰਾ ਦਾ ਦੌਰਾ
ਪੰਜਾਬ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਨੇ ‘ਅਾਪ’ ’ਤੇ ਸੇਧੇ ਨਿਸ਼ਾਨੇ
Advertisement
ਪੰਜਾਬ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਹਲਕਾ ਡੇਰਾਬੱਸੀ ਦੇ ਮੀਂਹ ਪ੍ਰਭਾਵਿਤ ਪਿੰਡ ਮਗਰਾ ਦਾ ਦੌਰਾ ਕਰਕੇ ਲੋਕਾਂ ਦੇ ਦੁੱਖ-ਦਰਦ ਸਾਂਝੇ ਕੀਤੇ। ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰੀ ਮੀਂਹ ਕਾਰਨ ਖ਼ਾਸ ਕਰਕੇ ਝੋਨੇ ਦੀ ਫ਼ਸਲ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਟਿਵਾਣਾ, ਖਜ਼ੂਰ ਮੰਡੀ, ਖੇਲਣ, ਰਜਾਪੁਰ ਵਰਗੇ ਪਿੰਡਾਂ ਵਿੱਚ ਪਾਣੀ ਘਰਾਂ ਅੰਦਰ ਵੜ ਗਿਆ ਹੈ, ਜਿਸ ਨਾਲ ਆਵਾਜਾਈ ਤੇ ਰੋਜ਼ਮਰਾ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ।
ਸ੍ਰੀ ਢਿੱਲੋਂ ਨੇ ਦੋਸ਼ ਲਾਇਆ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਕੋਈ ਪਹਿਲਾਂ ਤਿਆਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ, ‘‘ਨਾ ਤਾਂ ਘੱਗਰ ਤੇ ਨਾਲਿਆਂ ਦੀ ਸਫ਼ਾਈ ਹੋਈ ਤੇ ਨਾ ਹੀ ਬਚਾਅ ਉਪਾਅ ਕੀਤੇ ਗਏ।’’ ਉਨ੍ਹਾਂ ਇਲਜ਼ਾਮ ਲਗਾਇਆ ਕਿ ਹੁਣ ਤੱਕ ਕੋਈ ਸਰਕਾਰੀ ਨੁਮਾਇੰਦਾ ਪਿੰਡ ਵਾਸੀਆਂ ਦੀ ਖੇਰ-ਖ਼ਬਰ ਲੈਣ ਨਹੀਂ ਆਇਆ। ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿੰਦਿਆਂ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਪਾਰਟੀ ਦੀਆਂ ਟੀਮਾਂ ਤਰਪਾਲਾਂ, ਪਾਣੀ ਅਤੇ ਪਸ਼ੂਆਂ ਲਈ ਚਾਰਾ ਵੰਡ ਰਹੀਆਂ ਹਨ। ਪਿੰਡ ਵਾਸੀਆਂ ਨੇ ਫਸਲਾਂ ਦੇ ਮੁਆਵਜ਼ੇ ਅਤੇ ਪਾਣੀ ਨਿਕਾਸੀ ਦੀ ਮੰਗ ਰੱਖੀ, ਜਿਸ ਲਈ ਢਿੱਲੋਂ ਨੇ ਅਧਿਕਾਰੀਆਂ ਨੂੰ ਫੋਨ ਕਰਕੇ ਗਿਰਦਵਾਰੀ ਕਰਨ ਦੇ ਹੁਕਮ ਦਿੱਤੇ। ਇਸ ਮੌਕੇ ਸ਼ਹਿਰੀ ਕਾਂਗਰਸ ਲਾਲੜੂ ਦੇ ਪ੍ਰਧਾਨ ਤੇ ਕੌਂਸਲਰ ਸੁਸ਼ੀਲ ਰਾਣਾ ਵੀ ਉਨ੍ਹਾਂ ਦੇ ਨਾਲ ਸਨ।
Advertisement
Advertisement