ਯੂ ਟਰਨ: ਕੇਂਦਰ ਵੱਲੋਂ ਹੁਸੈਨੀਵਾਲਾ ਸਮਾਗਮ ਰੱਦ
ਪੰਜਾਬ ਦੇ ਲੋਕਾਂ ਦੇ ਰੋਹ ਦੇ ਡਰੋਂ ਕੇਂਦਰ ਸਰਕਾਰ ਨੇ ਹੁਸੈਨੀਵਾਲਾ ਵਿਚ ਬੀਕਾਨੇਰ ਕੈਨਾਲ ਦੇ ਅੱਜ ਹੋਣ ਵਾਲੇ ਸ਼ਤਾਬਦੀ ਸਮਾਰੋਹ ਨੂੰ ਰੱਦ ਕਰ ਦਿੱਤਾ ਹੈ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਜੋ ਕਿ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪੰਜਾਬ ਪੁੱਜ ਗਏ ਸਨ, ਨੂੰ ਵਾਪਸ ਦਿੱਲੀ ਬੁਲਾ ਲਿਆ ਗਿਆ ਹੈ।
ਚੇਤੇ ਰਹੇ ਕਿ ਰਾਜਸਥਾਨ ਦੀ ਬੀਕਾਨੇਰ ਨਹਿਰ ਦੇ ਜਸ਼ਨ ਪੰਜਾਬ ਦੀ ਧਰਤੀ ’ਤੇ ਮਨਾਏ ਜਾਣੇ ਸਨ ਜਿਸ ਤੋਂ ਪੰਜਾਬ ਦੇ ਲੋਕਾਂ ਵਿਚ ਭਾਰੀ ਰੋਸ ਪੈਦਾ ਹੋ ਗਿਆ ਸੀ। ਪੰਜਾਬ ਭਾਜਪਾ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ’ਚ ਅੱਜ ਬੀਕਾਨੇਰ ਨਹਿਰ ਦੇ ਸ਼ਤਾਬਦੀ ਸਮਾਰੋਹ ਰੱਖੇ ਗਏ ਸਨ। ਸ਼ਤਾਬਦੀ ਸਮਾਰੋਹ ਭਾਜਪਾ ਦੀ ਕੌਮੀ ਕੌਂਸਲ ਦੇ ਵਿਸ਼ੇਸ਼ ਇਨਵਾਇਟੀ ਅਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਕਰਾ ਰਹੇ ਸਨ। ਅੱਜ ਰਾਜਸਥਾਨ ਸਰਕਾਰ ਵੀ ਗੰਗਾਨਗਰ ਵਿੱਚ ਸੂਬਾ ਪੱਧਰੀ ਸਮਾਗਮ ਕਰ ਰਹੀ ਹੈ ਜਿੱਥੇ ਰਾਜਸਥਾਨ ਦੇ ਮੁੱਖ ਮੰਤਰੀ ਪੁੱਜ ਰਹੇ ਹਨ।
ਭਾਜਪਾ ਵੱਲੋਂ ਪੰਜਾਬ ਦੀ ਧਰਤੀ ’ਤੇ ਰਾਜਸਥਾਨ ਦੀ ਨਹਿਰ ਦੇ ਸ਼ਤਾਬਦੀ ਸਮਾਰੋਹ ਰੱਖੇ ਜਾਣ ਤੋਂ ਪੰਜਾਬ ਦੇ ਸਿਆਸੀ ਹਲਕਿਆਂ ’ਚ ਕਾਫ਼ੀ ਬੇਚੈਨੀ ਪਾਈ ਜਾ ਰਹੀ ਸੀ। ਸੁਆਲ ਉੱਠ ਰਹੇ ਸਨ ਕਿ ਭਾਜਪਾ ਅਜਿਹੇ ਸਮਾਰੋਹ ਕਰਕੇ ਪੰਜਾਬੀਆਂ ਦੀ ਦੁਖਦੀ ਰਗ ’ਤੇ ਹੱਥ ਰੱਖ ਰਹੀ ਹੈ। ਬੀਕਾਨੇਰ ਨਹਿਰ ਜਿਸ ਨੂੰ ਗੰਗ ਕੈਨਾਲ ਵੀ ਕਿਹਾ ਜਾਂਦਾ ਹੈ, ਦੀ ਸਮਰੱਥਾ 3027 ਕਿਊਸਿਕ ਹੈ ਅਤੇ ਆਜ਼ਾਦੀ ਤੋਂ ਪਹਿਲਾਂ ਇਸ ਨਹਿਰ ਜ਼ਰੀਏ 1.11 ਐੱਮਏਐੱਫ ਪਾਣੀ ਰਾਜਸਥਾਨ ਨੂੰ ਸਪਲਾਈ ਹੁੰਦਾ ਸੀ। ਇਹ ਨਹਿਰ ਹਰੀਕੇ ਹੈੱਡ ਵਰਕਸ ਤੋਂ ਨਿਕਲਦੀ ਹੈ।
