ਸੜਕ ਹਾਦਸਿਆਂ ’ਚ ਦੋ ਨੌਜਵਾਨਾਂ ਦੀ ਮੌਤ
ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਰਭਜਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਥਲੀ ਖੁਰਦ ਜ਼ਿਲ੍ਹਾ ਰੂਪਨਗਰ ਅਤੇ ਗੁਰਕੀਰਤ ਸਿੰਘ ਵਾਸੀ ਪਿੰਡ ਵੜੈਚ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ। ਥਾਣਾ ਸਿੰਘ ਭਗਵੰਤਪੁਰ ਦੇ ਏਐੱਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਗੁਰਕੀਰਤ ਸਿੰਘ ਮੁਹਾਲੀ ਵਿਖੇ ਪੜ੍ਹਾਈ ਕਰ ਰਿਹਾ ਸੀ ਅਤੇ ਮੁਹਾਲੀ ਤੋਂੋ ਆਪਣੇ ਪਿੰਡ ਵੜੈਚ ਜਾ ਰਿਹਾ ਸੀ। ਇਸ ਦੌਰਾਨ ਜਦੋਂ ਗੁਰਕੀਰਤ ਪਿੰਡ ਝੰਜੇੜੀ ਕੋਲ ਪਹੁੰਚਿਆ ਤਾਂ ਉਸ ਨੂੰ ਇਨੋਵਾ ਕਾਰ ਨੇ ਟੱਕਰ ਮਾਰ ਦਿੱਤੀ।
ਇਸੇ ਤਰ੍ਹਾਂ ਪੁਰਖਾਲੀ ਚੌਕੀ ਦੇ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਹਰਭਜਨ ਸਿੰਘ ਆਪਣੇ ਮੋਟਰਸਾਈਕਲ ’ਤੇ ਰੂਪਨਗਰ ਤੋਂ ਪੁਰਖਾਲੀ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਭੱਦਲ ਦੇ ਕੋਲ ਪਹੁੰਚਿਆ ਤਾਂ ਕਿਸੀ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਪੁਲੀਸ ਨੇ ਦੋਵਾਂ ਮਾਮਲਿਆਂ ਵਿੱਚ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੌਜਵਾਨਾਂ ਨੂੰ ਟੱਕਰ ਮਾਰਨ ਵਾਲਾ ਡਰਾਈਵਰ ਕਾਬੂ
ਪੰਚਕੂਲਾ (ਪੀ ਪੀ ਵਰਮਾ): ਪੁਲੀਸ ਨੇ ਮਨਸਾ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਦੋ ਨੌਜਵਾਨਾਂ ਨੂੰ ਟੱਕਰ ਮਾਰਨ ਵਾਲੇ ਡਰਾਈਵਰ ਨੂੰ ਵਾਹਨ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਡੀਸੀਪੀ ਸ੍ਰਿਸ਼ਟੀ ਗੁਪਤਾ ਨੇ ਦੱਸਿਆ ਕਿ ਨਰਾਤਿਆਂ ਦੌਰਾਨ ਰਾਤ ਨੂੰ ਇੱਕ ਵਿਅਕਤੀ ਆਪਣੇ ਭਰਾ ਅਤੇ ਇੱਕ ਹੋਰ ਦੋਸਤ ਨਾਲ ਮਾਤਾ ਮਨਸਾ ਦੇਵੀ ਮੰਦਰ ਦੇ ਦਰਸ਼ਨ ਲਈ ਜਾ ਰਿਹਾ ਸੀ। ਜਦੋਂ ਤਿੰਨੋਂ ਪੰਚਕੂਲਾ ਦੇ ਸੈਕਟਰ 12ਏ ਦੇ ਸਾਹਮਣੇ ਪੁਲ ਪਾਰ ਕਰ ਰਹੇ ਸਨ ਤਾਂ ਰਾਤ ਲਗਪਗ ਇੱਕ ਵਜੇ ਐਕਸਯੂਵੀ ਨੇ ਗੁਰਪ੍ਰੀਤ ਤੇ ਸਾਹਿਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਗੁਰਪ੍ਰੀਤ ਦੀ ਮੌਤ ਹੋ ਗਈ ਸੀ। ਡੀਸੀਪੀ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸੈਕਟਰ-14 ਥਾਣੇ ਦੀ ਟੀਮ ਜਾਂਚ ਕਰ ਰਹੀ ਹੈ।