ਜੰਮੂ ਕਸ਼ਮੀਰ: ਕੁਲਗਾਮ ਮੁਕਾਬਲੇ ਵਿਚ ਪੰਜਾਬ ਦੇ ਦੋ ਜਵਾਨ ਸ਼ਹੀਦ
ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਦਹਿਸ਼ਤਗਰਦਾਂ ਨਾਲ ਜਾਰੀ ਮੁਕਾਬਲੇ ਵਿਚ ਲੰਘੀ ਰਾਤ ਸੁਰੱਖਿਆ ਬਲਾਂ ਦੇ ਦੋ ਜਵਾਨ ਸ਼ਹੀਦ ਤੇ ਦੋ ਜਣੇ ਜ਼ਖ਼ਮੀ ਹੋ ਗਏ। ਸ਼ਹੀਦ ਜਵਾਨਾਂ ਦੀ ਪਛਾਣ ਲਾਂਸ ਨਾਇਕ ਪ੍ਰਿਤਪਾਲ ਸਿੰਘ ਤੇ ਸਿਪਾਹੀ ਹਰਮਿੰਦਰ ਸਿੰਘ ਵਜੋਂ ਦੱਸੀ ਗਈ ਹੈ। ਇਨ੍ਹਾਂ ਵਿਚੋਂ ਲਾਂਸ ਨਾਇਕ ਪ੍ਰਿਤਪਾਲ ਸਿੰਘ (28) ਸਮਰਾਲਾ ਨੇੜੇ ਪਿੰਡ ਮਾਨੂਪੁਰ ਜਦੋਂਕਿ ਸਿਪਾਹੀ ਹਰਮਿੰਦਰ ਸਿੰਘ (26) ਫਤਿਹਗੜ੍ਹ ਸਾਹਿਬ ਦੇ ਪਿੰਡ ਬਦੀਨਪੁਰ ਨਾਲ ਸਬੰਧਤ ਹੈ। ਰੱਖੜੀ ਵਾਲੇ ਦਿਨ ਇਹ ਖ਼ਬਰ ਸੁਣ ਕੇ ਦੋਵਾਂ ਪਰਿਵਾਰਾਂ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਿਤਪਾਲ ਸਿੰਘ ਦਾ ਵਿਆਹ ਸਿਰਫ਼ ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ।
ਕੁਲਗਾਮ ਜ਼ਿਲ੍ਹੇ ਦੇ ਜੰਗਲੀ ਇਲਾਕੇ ਵਿਚ ਲੁਕੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਵਿੱੱਢਿਆ ਆਪਰੇਸ਼ਨ ਅੱਜ 9ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਫੌਜ ਦੀ ਸ੍ਰੀਨਗਰ ਅਧਾਰਿਤ ਚਿਨਾਰ ਕੋਰ ਨੇ ਐਕਸ ’ਤੇ ਇਕ ਪੋਸਟ ਵਿਚ ਮੁਕਾਬਲੇ ਵਿਚ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਕੋਰ ਨੇ ਕਿਹਾ ਕਿ ਦਹਿਸ਼ਤਗਰਦਾਂ ਖਿਲਾਫ਼ ਵਿੱਢੀ ਕਾਰਵਾਈ ਅਜੇ ਵੀ ਜਾਰੀ ਹੈ। ਸੁਰੱਖਿਆ ਬਲਾਂ ਵੱਲੋਂ 1 ਅਗਸਤ ਨੂੰ ਦੱਖਣੀ ਕਸ਼ਮੀਰ ਜ਼ਿਲ੍ਹੇ ਵਿਚ ਅਖ਼ਲ ਦੇ ਜੰਗਲਾਂ ਨੂੰ ਘੇਰਾ ਪਾ ਕੇ ਵਿੱਢੀ ਤਲਾਸ਼ੀ ਮੁਹਿੰਮ ਦੌਰਾਨ ਹੋਏ ਮੁਕਾਬਲੇ ਵਿਚ ਹੁਣ ਤੱਕ ਦੋ ਦਹਿਸ਼ਤਗਰਦ ਮਾਰੇ ਗਏ ਹਨ। ਸੁਰੱਖਿਆ ਬਲਾਂ ਨੂੰ ਜੰਗਲ ਵਿਚ ਦਹਿਸ਼ਤਗਰਦਾਂ ਦੀ ਮੌਜੂਦਗੀ ਸਬੰਧੀ ਖੁਫ਼ੀਆ ਜਾਣਕਾਰੀ ਮਿਲੀ ਸੀ। ਮਾਰੇ ਗਏ ਦਹਿਸ਼ਤਗਰਦਾਂ ਤੇ ਉਨ੍ਹਾਂ ਦੀ ਜਥੇਬੰਦੀ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ।
ਚਿਨਾਰ ਕੋਰ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਚਿਨਾਰ ਕੋਰ ਲਾਂਸ ਨਾਇਕ ਪ੍ਰਿਤਪਾਲ ਸਿੰਘ ਤੇ ਸਿਪਾਹੀ ਹਰਮਿੰਦਰ ਸਿੰਘ ਵੱਲੋਂ ਦੇਸ਼ ਲਈ ਸੇਵਾ ਨਿਭਾਉਂਦਿਆਂ ਦਿੱਤੇ ਸਿਖਰਲੇ ਬਲਿਦਾਨ ਦਾ ਸਨਮਾਨ ਕਰਦੀ ਹੈ। ਉਨ੍ਹਾਂ ਦੀ ਦਲੇਰੀ ਤੇ ਸਮਰਪਣ ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ।’’ ਥਲ ਸੈਨਾ ਨੇ ਕਿਹਾ ਕਿ ਉਹ ਪੀੜਤ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਕੋਰ ਨੇ ਕਿਹਾ ਕਿ ਅਪਰੇਸ਼ਨ ਅਜੇ ਵੀ ਜਾਰੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਅੱਧੀ ਰਾਤ ਨੂੰ ਹੋਈ ਫਾਇਰਿੰਗ ਦੌਰਾਨ ਸੁਰੱਖਿਆ ਬਲਾਂ ਦੇ ਦੋ ਹੋਰ ਜਵਾਨ ਜ਼ਖ਼ਮੀ ਹੋ ਗਏ, ਜਿਸ ਨਾਲ ਜ਼ਖ਼ਮੀ ਜਵਾਨਾਂ ਦੀ ਗਿਣਤੀ ਨੌਂ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲੀਸ ਦੇ ਮੁਖੀ ਨਲਿਨ ਪ੍ਰਭਾਤ ਅਤੇ ਫੌਜ ਦੇ ਉੱਤਰੀ ਕਮਾਂਡਰ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਸਮੇਤ ਸੀਨੀਅਰ ਪੁਲੀਸ ਅਤੇ ਫੌਜ ਅਧਿਕਾਰੀ 24 ਘੰਟੇ ਕਾਰਵਾਈ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਸੁਰੱਖਿਆ ਬਲਾਂ ਨੇ ਜੰਗਲੀ ਖੇਤਰ ਵਿੱਚ ਅਤਿਵਾਦੀਆਂ ਦਾ ਪਤਾ ਲਗਾਉਣ ਲਈ ਡਰੋਨ ਅਤੇ ਹੈਲੀਕਾਪਟਰਾਂ ਨੂੰ ਸੇਵਾ ਵਿੱਚ ਲਗਾਇਆ ਹੈ। ਪੈਰਾ ਕਮਾਂਡੋ ਵੀ ਅਤਿਵਾਦੀਆਂ ਨੂੰ ਬੇਅਸਰ ਕਰਨ ਵਿੱਚ ਸੁਰੱਖਿਆ ਬਲਾਂ ਦੀ ਮਦਦ ਕਰ ਰਹੇ ਹਨ।