ਯੂਟੀ ’ਚ ਤਾਇਨਾਤ ਦੋ ਪੀਸੀਐੱਸ ਅਧਿਕਾਰੀ ਬਣਨਗੇ ਆਈਏਐੱਸ
ਯੂਟੀ ਵਿਚ ਤਾਇਨਾਤ ਪੰਜਾਬ ਸਿਵਲ ਸੇਵਾਵਾਂ (ਪੀਸੀਐਸ) ਅਧਿਕਾਰੀਆਂ ਦੇ ਆਈਏਐਸ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਇਨ੍ਹਾਂ ਅਧਿਕਾਰੀਆਂ ਦੇ ਨਾਵਾਂ ਨੂੰ ਯੂਪੀਐੱਸਸੀ ਦੀ ਮੀਟਿੰਗ ’ਚ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਦੋਵੇਂ ਅਧਿਕਾਰੀ ਚੰਡੀਗੜ੍ਹ ਵਿਚ ਸਿੱਖਿਆ ਵਿਭਾਗ ਵਿਚ ਤਾਇਨਾਤ ਹਨ। ਇਸ ਤੋਂ ਇਲਾਵਾ ਤਿੰਨ ਹੋਰ ਅਧਿਕਾਰੀਆਂ ਦੇ ਨਾਂ ਨੂੰ ਵੀ ਆਈਏਐਸ ਅਧਿਕਾਰੀ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਪਤਾ ਲੱਗਿਆ ਹੈ ਕਿ ਇਨ੍ਹਾਂ ਦੇ ਨਾਵਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਇਕ ਮਹੀਨੇ ਦੇ ਅੰਦਰ ਹੁਕਮ ਜਾਰੀ ਹੋਣਗੇ। ਜਾਣਕਾਰੀ ਅਨੁਸਾਰ ਇਸ ਵੇਲੇ ਚੰਡੀਗੜ੍ਹ ਵਿਚ ਡਾਇਰੈਕਟਰ ਹਾਇਰ ਐਜੂਕੇਸ਼ਨ ਵਜੋਂ ਰੁਬਿੰਦਰਜੀਤ ਸਿੰਘ ਬਰਾੜ ਤੇ ਡਾਇਰੈਕਟਰ ਸਕੂਲ ਐਜੂਕੇਸ਼ਨ ਵਜੋਂ ਹਰਸੁਹਿੰਦਰ ਪਾਲ ਸਿੰਘ ਬਰਾੜ ਤਾਇਨਾਤ ਹਨ ਜਿਨ੍ਹਾਂ ਨੂੰ ਜਲਦੀ ਹੀ ਆਈਏਐਸ ਅਧਿਕਾਰੀ ਬਣਾਇਆ ਜਾਵੇਗਾ। ਇਸ ਸਬੰਧੀ ਯੂਪੀਐਸਸੀ ਦੀ ਮੀਟਿੰਗ ਨਵੀਂ ਦਿੱਲੀ ਵਿਚ ਹੋਈ ਜਿਸ ਵਿਚ ਪੰਜਾਬ ਦੇ ਸੀਨੀਅਰ ਅਧਿਕਾਰੀ ਕੇਏਪੀ ਸਿਨਹਾ ਵੀ ਮੌਜੂਦ ਸਨ। ਚੰਡੀਗੜ੍ਹ ਦੇ ਸਿੱਖਿਆ ਸਕੱਤਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਦੀ ਸਾਲ 2023 ਦੀਆਂ ਆਈਏਐਸ ਦੀਆਂ ਖਾਲੀ ਪਈਆਂ ਅਸਾਮੀਆਂ ’ਤੇ ਤਾਇਨਾਤੀ ਨੂੰ ਮਨਜ਼ੂਰੀ ਮਿਲੀ ਹੈ। ਇਸ ਸਬੰਧੀ ਡੀਡੀਪੀਟੀ ਤੋਂ ਫਾਈਲ ਕਲੀਅਰ ਹੋਣ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਹੋਵੇਗਾ। ਉਨ੍ਹਾਂ ਦੱਸਿਆ ਕਿ ਇਕ ਅਧਿਕਾਰੀ ਵਲੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈਣ ਕਾਰਨ ਇਕ ਅਸਾਮੀ ਖਾਲੀ ਰੱਖੀ ਗਈ ਹੈ। ਦੱਸਣਾ ਬਣਦਾ ਹੈ ਕਿ ਰੁਬਿੰਦਰਜੀਤ ਸਿੰਘ ਬਰਾੜ ਦਾ ਇਹ ਚੰਡੀਗੜ੍ਹ ਵਿਚ ਡੈਪੂਟੇਸ਼ਨ ’ਤੇ ਦੂਜਾ ਕਾਰਜਕਾਲ ਹੈ ਤੇ ਉਹ ਪਹਿਲਾਂ ਡਾਇਰੈਕਟਰ ਸਕੂਲ ਐਜੂਕੇਸ਼ਨ ਰਹਿ ਚੁੱਕੇ ਹਨ ਤੇ ਇਸ ਸਮੇਂ ਡਾਇਰੈਕਟਰ ਹਾਇਰ ਐਜੂਕੇਸ਼ਨ ਵਜੋਂ ਤਾਇਨਾਤ ਹਨ ਤੇ ਉਨ੍ਹਾਂ ਕੋਲ ਤਿੰਨ ਹੋਰ ਵਿਭਾਗਾਂ ਦਾ ਵਾਧੂ ਚਾਰਜ ਹੈ। ਦੂਜੇ ਪਾਸੇ ਹਰਸੁਹਿੰਦਰ ਪਾਲ ਸਿੰਘ ਬਰਾੜ ਡਾਇਰੈਕਟਰ ਸਕੂਲ ਐਜੂਕੇਸ਼ਨ ਵਜੋਂ ਤਾਇਨਾਤ ਹਨ ਤੇ ਉਨ੍ਹਾਂ ਕੋਲ ਆਬਕਾਰੀ ਤੇ ਕਰ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਦਾ ਵਾਧੂ ਚਾਰਜ ਵੀ ਹੈ।