ਯੂਟੀ ’ਚ ਤਾਇਨਾਤ ਦੋ ਅਧਿਕਾਰੀ ਆਈਏਐੱਸ ਬਣੇ
ਯੂਟੀ ਵਿੱਚ ਤਾਇਨਾਤ ਦੋ ਪੰਜਾਬ ਸਿਵਲ ਸੇਵਾਵਾਂ (ਪੀਸੀਐੱਸ) ਅਧਿਕਾਰੀ ਆਈਏਐੱਸ ਬਣ ਗਏ ਹਨ। ਇਨ੍ਹਾਂ ਅਧਿਕਾਰੀਆਂ ਦੇ ਨਾਵਾਂ ਨੂੰ ਯੂਪੀਐੱਸਸੀ ਦੀ ਮੀਟਿੰਗ ’ਚ ਮਨਜ਼ੂਰੀ ਦੇ ਦਿੱਤੀ ਗਈ ਸੀ। ਇਹ ਦੋਵੇਂ ਅਧਿਕਾਰੀ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਵਿੱਚ ਤਾਇਨਾਤ ਹਨ। ਇਨ੍ਹਾਂ ਵਿੱਚੋਂ ਰੁਬਿੰਦਰਜੀਤ ਸਿੰਘ ਬਰਾੜ ਇਸ ਵੇਲੇ ਡਾਇਰੈਕਟਰ ਹਾਇਰ ਐਜੂਕੇਸ਼ਨ ਤੇ ਹਰਸੁਹਿੰਦਰ ਪਾਲ ਸਿੰਘ ਬਰਾੜ ਡਾਇਰੈਕਟਰ ਸਕੂਲ ਐਜੂਕੇਸ਼ਨ ਵਜੋਂ ਤਾਇਨਾਤ ਹਨ। ਕੇਂਦਰ ਨੇ ਪੰਜਾਬ ਦੇ ਚਾਰ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਆਈਏਐੱਸ ਅਧਿਕਾਰੀ ਬਣਾਇਆ ਹੈ ਤੇ ਇਹ ਵੀ ਇਤਫ਼ਾਕ ਹੈ ਕਿ ਚਾਰਾਂ ਵਿੱਚੋਂ ਤਿੰਨ ਅਧਿਕਾਰੀਆਂ ਦਾ ਗੋਤ ਬਰਾੜ ਹੈ।
ਜਾਣਕਾਰੀ ਅਨੁਸਾਰ ਮਨਿਸਟਰੀ ਆਫ ਪ੍ਰਸੋਨਲ ਦੇ ਅੰਡਰ ਸੈਕਟਰੀ ਸੰਜੈ ਕੁਮਾਰ ਚੌਰਸੀਆ ਨੇ ਇਸ ਸਬੰਧੀ ਪੱਤਰ 12 ਅਗਸਤ ਦੇਰ ਸ਼ਾਮ ਜਾਰੀ ਕੀਤਾ। ਇਸ ਵਿਚ ਰਾਜਦੀਪ ਸਿੰਘ ਬਰਾੜ, ਬਿਕਰਮਜੀਤ ਸਿੰਘ ਸ਼ੇਰਗਿੱਲ, ਹਰਸੁਹਿੰਦਰ ਪਾਲ ਸਿੰਘ ਬਰਾੜ ਤੇ ਰੁਬਿੰਦਰਜੀਤ ਸਿੰਘ ਬਰਾੜ ਨੂੰ ਆਈਏਐੱਸ ਵਜੋਂ ਤਰੱਕੀ ਦਿੱਤੀ ਗਈ ਹੈ। ਇਸ ਸਬੰਧੀ ਯੂਪੀਐੱਸਸੀ ਦੀ ਮੀਟਿੰਗ ਨਵੀਂ ਦਿੱਲੀ ਵਿੱਚ ਹੋਈ ਸੀ। ਇਸ ਵਿੱਚ ਪੰਜਾਬ ਦੇ ਸੀਨੀਅਰ ਅਧਿਕਾਰੀ ਕੇਏਪੀ ਸਿਨਹਾ ਵੀ ਮੌਜੂਦ ਸਨ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਦੀ ਸਾਲ 2023 ਦੀਆਂ ਆਈਏਐੱਸ ਦੀਆਂ ਖਾਲੀ ਪਈਆਂ ਅਸਾਮੀਆਂ ’ਤੇ ਤਾਇਨਾਤੀ ਨੂੰ ਮਨਜ਼ੂਰੀ ਮਿਲੀ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਰੁਬਿੰੰਦਰਜੀਤ ਸਿੰਘ ਬਰਾੜ ਨੇ ਬੀਟੈੱਕ ਤੇ ਐੱਮਟੈੱਕ ਪੰਜਾਬ ਇੰਜਨੀਅਰਿੰਗ ਕਾਲਜ ਪੈਕ ਤੋਂ ਕੀਤੀ ਹੈ ਤੇ ਇਹ ਲੰਬਾ ਸਮਾਂ ਯੂਟੀ ਵਿੱਚ ਡੈਪੂਟੇਸ਼ਨ ’ਤੇ ਤਾਇਨਾਤ ਰਹੇ। ਰੁਬਿੰਦਰਜੀਤ ਸਿੰਘ ਚੰਡੀਗੜ੍ਹ ਵਿੱਚ ਸਾਲ 2015 ਵਿੱਚ ਡਾਇਰੈਕਟਰ ਸਕੂਲ ਐਜੂਕੇਸ਼ਨ ਵਜੋਂ ਆਏ। ਇਸ ਤੋਂ ਪਹਿਲਾਂ ਉਹ ਸੁਲਤਾਨਪੁਰ ਲੋਧੀ ਵਿੱਚ ਐੱਸਡੀਐੱਮ ਵਜੋਂ ਤਾਇਨਾਤ ਸਨ। ਰੁਬਿੰਦਰਜੀਤ ਸਿੰਘ ਬਰਾੜ ਦਾ ਇਹ ਚੰਡੀਗੜ੍ਹ ਵਿੱਚ ਡੈਪੂਟੇਸ਼ਨ ’ਤੇ ਦੂਜਾ ਕਾਰਜਕਾਲ ਹੈ, ਉਨ੍ਹਾਂ ਕੋਲ ਤਿੰਨ ਹੋਰ ਵਿਭਾਗਾਂ ਦਾ ਵਾਧੂ ਚਾਰਜ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਰੁਬਿੰਦਜੀਤ ਸਿੰਘ ਬਰਾੜ ਤੇ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਚੰਡੀਗੜ੍ਹ ਵਿੱਚ ਤਾਇਨਾਤੀ ਦੌਰਾਨ ਸਿੱਖਿਆ ਦੇ ਪੱਧਰ ਵਿਚ ਜ਼ਿਕਰਯੋਗ ਸੁਧਾਰ ਕੀਤੇ। ਦੂਜੇ ਪਾਸੇ, ਹਰਸੁਹਿੰਦਰ ਪਾਲ ਸਿੰਘ ਬਰਾੜ ਡਾਇਰੈਕਟਰ ਸਕੂਲ ਐਜੂਕੇਸ਼ਨ ਵਜੋਂ ਤਾਇਨਾਤ ਹਨ ਤੇ ਉਨ੍ਹਾਂ ਕੋਲ ਆਬਕਾਰੀ ਤੇ ਕਰ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਦਾ ਵਾਧੂ ਚਾਰਜ ਵੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਦੇ ਆਈਏਐੱਸ ਬਣਨ ਤੋਂ ਬਾਅਦ ਇਨ੍ਹਾਂ ਨੂੰ ਪਿੱਤਰੀ ਰਾਜ ਭੇਜਿਆ ਜਾਵੇਗਾ ਤੇ ਅਹਿਮ ਜ਼ਿੰਮੇਵਾਰੀ ਸੌਂਪੀ ਜਾਵੇਗੀ।