ਟਰਾਲੇ ਤੇ ਟਿੱਪਰ ਦੀ ਟੱਕਰ ਕਾਰਨ ਦੋ ਜ਼ਖ਼ਮੀ
ਇੱਥੋਂ ਨੇੜਲੇ ਪਿੰਡ ਸਰਸਾ ਨੰਗਲ ਵਿਚ ਸਿਰਸਾ ਨਦੀ ਦੇ ਪੁਲ ’ਤੇ ਖਣਨ ਸਮੱਗਰੀ ਨਾਲ ਭਰਿਆ ਟਰਾਲਾ ਇੱਕ ਟਿੱਪਰ ਨਾਲ ਟਕਰਾ ਗਿਆ ਜਿਸ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਵੱਲੋਂ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਮਾਨਸਾ ਆਪਣੇ ਸਾਥੀ ਅੰਮ੍ਰਿਤਪਾਲ ਸ਼ਰਮਾ ਵਾਸੀ ਮਾਨਸਾ ਨਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਆਪਣੇ ਟਰਾਲੇ ਵਿੱਚ ਖਣਨ ਸਮੱਗਰੀ ਲੈ ਕੇ ਮਾਨਸਾ ਨੂੰ ਪਰਤ ਰਿਹਾ ਸੀ। ਜਦੋਂ ਉਹ ਸਿਰਸਾ ਨਦੀ ਦੇ ਪੁਲ ’ਤੇ ਪੁੱਜੇ ਤਾਂ ਉਨ੍ਹਾਂ ਦੇ ਅੱਗੇ ਜਾ ਰਹੇ ਟਿੱਪਰ ਚਾਲਕ ਨੇ ਇਕਦਮ ਬਰੇਕ ਲਗਾ ਦਿੱਤੀ ਪਰ ਗੁਰਪ੍ਰੀਤ ਸਿੰਘ ਤੋਂ ਆਪਣੇ ਟਰਾਲੇ ਦੀ ਬਰੇਕ ਨਹੀਂ ਲੱਗੀ, ਜਿਸ ਦੌਰਾਨ ਉਸ ਦਾ ਟਰਾਲਾ ਟਿੱਪਰ ਦੇ ਪਿੱਛੇ ਟਕਰਾ ਗਿਆ ਤੇ ਟੱਕਰ ਦੌਰਾਨ ਟਿੱਪਰ ਚਾਲਕ ਤੇ ਉਸ ਦਾ ਸਾਥੀ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਐਸ.ਐਸ.ਐਫ. ਦੀ ਟੀਮ ਨੇ ਸਰਕਾਰੀ ਹਸਪਤਾਲ ਰੂਪਨਗਰ ਪਹੁੰਚਾਇਆ ਤੇ ਸੜਕ ’ਤੇ ਲੱਗੇ ਜਾਮ ਨੂੰ ਖੁਲ੍ਹਵਾਇਆ। ਪੁਲੀਸ ਚੌਕੀ ਭਰਤਗੜ੍ਹ ਵੱਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।