ਡੇਰਾਬੱਸੀ ਪੁਲੀਸ ਵੱਲੋਂ ਗੋਲੀਬਾਰੀ ਮਗਰੋਂ ਲਾਰੈਂਸ ਬਿਸ਼ਨੋਈ ਗਰੋਹ ਦੇ ਦੋ ਗੈਂਗਸਟਰ ਕਾਬੂ
ਡੇਰਾਬੱਸੀ ਪੁਲੀਸ ਨੇ ਇਥੋਂ ਦੀ ਗੁਲਾਬਗੜ੍ਹ ਰੋਡ ’ਤੇ ਸਥਿਤ ਇਕ ਪੀਜੀ ਵਿੱਚ ਲੁਕ ਕੇ ਰਹਿ ਰਹੇ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi gang) ਦੇ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਜਦੋਂ ਪੁਲੀਸ ਗੈਂਗਸਟਰਾਂ ਨੂੰ ਕਾਬੂ ਕਰਨ ਲੱਗੀ ਤਾਂ ਉਨ੍ਹਾਂ ਨੇ ਪੁਲੀਸ ਪਾਰਟੀ ਉਤੇ ਫਾਇਰ ਕਰ ਦਿੱਤਾ। ਇਸ ਦੌਰਾਨ ਜਵਾਬੀ ਕਾਰਵਾਈ ਤਹਿਤ ਪੁਲੀਸ ਦੀ ਫਾਇਰਿੰਗ ਵਿਚ ਇਕ ਗੈਂਗਸਟਰ ਜ਼ਖ਼ਮੀ ਹੋ ਗਿਆ, ਜਿਸ ਦੀ ਪਛਾਣ ਸੁਮੀਤ ਬਿਸ਼ਨੋਈ ਵਾਸੀ ਰਾਜਸਥਾਨ ਵਜੋਂ ਹੋਈ ਹੈ। ਦੂਜੇ ਗੈਂਗਸਟਰ ਦੀ ਸ਼ਨਾਖ਼ਤ ਪੰਕਜ, ਵਾਸੀ ਸੋਨੀਪਤ ਹਰਿਆਣਾ ਦੇ ਰੂਪ ਵਿੱਚ ਹੋਈ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸਪੀ (ਡੀ) ਸੌਰਵ ਜਿੰਦਲ ਅਤੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਗੁਲਾਬਗੜ੍ਹ ਰੋਡ ’ਤੇ ਸਥਿਤ ਇਕ ਪੀਜੀ ਵਿੱਚ ਕੁਝ ਗੈਂਗਸਟਰ ਲੁਕੇ ਹੋਏ ਹਨ। ਜਦ ਉਨ੍ਹਾਂ ਨੇ ਪੀਜੀ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰ ਲੁਕੇ ਗੈਂਗਸਟਰ ਨੇ ਪੁਲੀਸ ਪਾਰਟੀ ਨੂੰ ਦੇਖ ਕੇ ਫਾਇਰ ਕਰ ਦਿੱਤਾ।
ਇਸ ਦੌਰਾਨ ਪੁਲੀਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਫਾਇਰ ਕਰਨ ਵਾਲਾ ਸੁਮੀਤ ਬਿਸ਼ਨੋਈ ਜ਼ਖ਼ਮੀ ਹੋ ਗਿਆ। ਇਸ ਮਗਰੋਂ ਪੁਲੀਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਦੋਸ਼ੀਆਂ ਤੋਂ ਪੁਲੀਸ ਨੇ ਇਕ ਦੇਸੀ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਪੁਲੀਸ ਨੇ ਦੱਸਿਆ ਕਿ ਮੁਲਜ਼ਮ ਸੁਮੀਤ ਬਿਸ਼ਨੋਈ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਮਹਾਂਵੀਰ ਨਾਂਅ ਦੇ ਇਕ 35 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਸੀ। ਰਾਜਸਥਾਨ ਪੁਲੀਸ ਨੇ ਬਾਕੀ ਦੋ ਕਾਤਲਾਂ ਨੂੰ ਕਾਬੂ ਕਰ ਲਿਆ ਸੀ ਜਦਕਿ ਸੁਮੀਤ ਫ਼ਰਾਰ ਚਲ ਰਿਹਾ ਸੀ। ਉਹ 22 ਜੁਲਾਈ ਤੋਂ ਇਥੇ ਪੰਕਜ ਨਾਲ ਲੁਕਿਆ ਹੋਇਆ ਸੀ।
ਉਨ੍ਹਾਂ ਨੇ ਕਿਹਾ ਕਿ ਪੁਲੀਸ ਜਾਂਚ ਕਰ ਰਹੀ ਹੈ ਕਿ ਇਹ ਇਥੇ ਕਿਵੇਂ ਆਏ ਅਤੇ ਇੱਥੇ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ।