ਚੋਰੀਆਂ ਕਰਨ ਵਾਲੇ ਦੋ ਗਰੋਹਾਂ ਦਾ ਪਰਦਾਫਾਸ਼
ਮੁਹਾਲੀ ਪੁਲੀਸ ਨੇ ਤਿੰਨ-ਤਿੰਨ ਮੈਂਬਰਾਂ ਵਾਲੇ ਦੋ ਗਰੋਹਾਂ ਨੂੰ ਬੇਨਕਾਬ ਕਰਕੇ ਉਨ੍ਹਾਂ ਕੋਲੋਂ 18 ਮੋਟਰਸਾਈਕਲ ਅਤੇ 20 ਮੋਬਾਈਲ ਫੋਨ ਬਰਾਮਦ ਕੀਤੇ ਹਨ। ਡੀ ਐੱਸ ਪੀ ਸਿਟੀ-1 ਪ੍ਰਿਥਵੀ ਸਿੰਘ ਚਹਿਲ ਅਤੇ ਥਾਣਾ ਫੇਜ਼ ਪਹਿਲਾ ਦੇ ਐੱਸ ਐੱਚ ਓ ਇੰਸਪੈਕਟਰ ਸੁਖਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਜੈ ਕੁਮਾਰ ਵਾਸੀ ਯੂ ਪੀ ਹਾਲ ਵਾਸੀ ਰਾਏਪੁਰ ਥਾਣਾ ਬਲੌਂਗੀ ਪਾਸੋਂ ਚੋਰੀ ਕੀਤੇ ਅੱਠ ਮੋਟਰਸਾਈਕਲ, ਵਕਾਰ ਉਰਫ ਸਲਮਾਨ ਵਾਸੀ ਯੂ ਪੀ ਹਾਲ ਵਾਸੀ ਰਾਏਪੁਰ ਕੋਲੋਂ ਚੋਰੀ ਕੀਤੇ ਪੰਜ ਮੋਟਰਸਾਈਕਲ ਅਤੇ ਸੰਦੀਪ ਵਾਸੀ ਕਲਿੱਤਰਾ ਥਾਣਾ ਨੰਗਲ ਕੋਲੋਂ ਚੋਰੀ ਕੀਤੇ ਪੰਜ ਮੋਟਰਸਾਈਕਲ ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਇਸ ਤਿੰਨ ਮੈਂਬਰੀ ਗਰੋਹ ਕੋਲੋਂ 18 ਮੋਟਰਸਾਈਕਲਾਂ ਦੀ ਬਰਾਮਦਗੀ ਹੋਈ।
ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਨ੍ਹਾਂ ਦੇ ਹੋਰ ਸਾਥੀਆਂ ਦੇ ਨਾਮ ਵੀ ਸਾਹਮਣੇ ਆਏ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਬਾਕੀ ਹੈ,ਜਿਸ ਪਾਸੋਂ ਹੋਰ ਚੋਰੀ ਸ਼ੁਦਾ ਮੋਟਰ ਸਾਇਕਲ ਬਰਾਮਦ ਹੋਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਅਜੈ ਖ਼ਿਲਾਫ਼ ਪਹਿਲਾ ਵੀ ਚੋਰੀ ਦੇ ਕੇਸ ਦਰਜ ਹਨ।
ਇਸੇ ਤਰ੍ਹਾਂ ਤਿੰਨ ਮੈਂਬਰੀ ਦੂਜੇ ਗੈਂਗ ਤੋਂ ਇੱਕ ਮੋਟਰਸਾਈਕਲ ਅਤੇ 20 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਸਾਹਿਲ ਕੁਮਾਰ ਅਤੇ ਵਿਕਾਸ ਕੁਮਾਰ ਵਾਸੀ ਬੜ ਮਾਜਰਾ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲੋਂ 2 ਮੋਬਾਈਲ ਫੋਨ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਹੋਈ ਪੁੱਛ-ਪੜਤਾਲ ਦੌਰਾਨ ਉਨ੍ਹਾਂ ਦੇ ਤੀਜੇ ਸਾਥੀ ਮੁਹੱਮਦ ਮੋਨਿਸ ਵਾਸੀ ਬਲੌਂਗੀ ਨੂੰ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਤਿੰਨਾਂ ਕੋਲੋਂ 20 ਮੋਬਾਈਲ ਫੋਨ ਬਰਾਮਦ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਬੰਧਿਤ ਵਿਅਕਤੀ ਫ਼ੋਨ ਖੋਹ ਕੇ ਉਸ ਨੂੰ 1500 ਤੋਂ 1800 ਰੁਪਏ ਵਿੱਚ ਵੇਚਦੇ ਸਨ।