ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁਖਨਾ ਦੇ ਦੋ ਫਲੱਡ ਗੇਟ ਖੋਲ੍ਹੇ

ਚੋਅ ਦੇ ਨੇੜਲੇ ਰਸਤੇ ਬੰਦ ਕਰਨ ਕਾਰਨ ਸੜਕਾਂ ’ਤੇ ਜਾਮ
Advertisement

ਟਰਾਈਸਿਟੀ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਲੰਘੇ ਦਿਨ ਤੋਂ ਪੈ ਰਹੇ ਮੀਂਹ ਕਰਕੇ ਅੱਜ ਸੁਖਨਾ ਝੀਲ ਵਿੱਚ ਮੁੜ ਪਾਣੀ ਖਤਰੇ ਦੇ ਨਿਸ਼ਾਨ 1163 ਫੁੱਟ ਤੋਂ ਟੱਪ ਗਿਆ ਜਿਸ ਕਰਕੇ ਪ੍ਰਸ਼ਾਸਨ ਨੇ ਅੱਜ ਸਵੇਰੇ ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹੇ ਗਏ। ਫਲੱਡ ਗੇਟ ਖੋਲ੍ਹਣ ਦੀ ਜਾਣਕਾਰੀ ਮਿਲਦਿਆਂ ਹੀ ਘੱਗਰ ਦੇ ਆਲੇ-ਦੁਆਲੇ ਵਸਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਪਰ ਅੱਗੇ ਨਿਕਾਸੀ ਸਹੀ ਢੰਗ ਨਾਲ ਹੋਣ ਕਾਰਨ ਕਿਸੇ ਕਿਸਮ ਦਾ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ। ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣ ਕਰਕੇ ਸੁਖਨਾ ਚੋਅ ਤੋਂ ਲੰਘਣ ਵਾਲੇ ਵੱਖ-ਵੱਖ ਰਾਹ ਨੂੰ ਟਰੈਫ਼ਿਕ ਪੁਲੀਸ ਨੇ ਕੁਝ ਸਮੇਂ ਲਈ ਬੰਦ ਕਰ ਦਿੱਤਾ ਜਿਸ ਕਰਕੇ ਮੱਧਿਆ ਮਾਰਗ ’ਤੇ ਜਾਮ ਲੱਗ ਗਿਆ। ਇਸ ਨੂੰ ਟਰੈਫਿਕ ਪੁਲੀਸ ਨੇ ਫੁਰਤੀ ਨਾਲ ਖੁਲ੍ਹਵਾ ਦਿੱਤਾ। ਇਸ ਦੇ ਨਾਲ ਹੀ ਸ਼ਹਿਰ ਵਿੱਚ ਪੈ ਰਹੇ ਮੀਂਹ ਨੇ ਕਈ ਥਾਵਾਂ ’ਤੇ ਜਲ-ਥਲ ਕਰ ਦਿੱਤਾ। ਦੂਜੇ ਪਾਸੇ ਮੀਂਹ ਵਿੱਚ ਸ਼ਹਿਰ ਦੀਆਂ ਖਸਤਾ ਹਾਲ ਸੜਕਾਂ ਕਰਕੇ ਵੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਲੰਘੀ ਸ਼ਾਮ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ 1162.40 ਫੁੱਟ ਸੀ, ਪਰ ਤੜਕੇ ਪਏ ਮੀਂਹ ਕਰਕੇ ਸਵੇਰੇ ਪਾਣੀ ਖਤਰੇ ਦੇ ਨਿਸ਼ਾਨ 1163 ਫੁੱਟ ਤੋਂ ਟੱਪ ਗਿਆ। ਪਾਣੀ ਲਗਾਤਾਰ ਵਧਦਾ ਦੇਖਦੇ ਹੋਏ ਯੂਟੀ ਪ੍ਰਸ਼ਾਸਨ ਨੇ ਸਵੇਰੇ 7 ਵਜੇ ਦੇ ਕਰੀਬ ਤਿੰਨ ਫਲੱਡ ਗੇਟਾਂ ਵਿੱਚੋਂ ਇਕ ਫਲੱਡ ਗੇਟ ਖੋਲ੍ਹ ਦਿੱਤਾ। ਪਾਣੀ ਵਧਦਾ ਦੇਖਦੇ ਹੋਏ ਪ੍ਰਸ਼ਾਸਨ ਨੇ 9 ਵਜੇ ਦੇ ਕਰੀਬ ਦੂਜਾ ਫਲੱਡ ਗੇਟ ਵੀ ਖੋਲ੍ਹ ਦਿੱਤਾ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਪਾਣੀ ਘਟਣ ’ਤੇ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਇਕ ਫਲੱਡ ਗੇਟ ਨੂੰ ਬੰਦ ਕਰ ਦਿੱਤਾ ਹੈ, ਜਦੋਂ ਕਿ ਦੂਜਾ ਫਲੱਡ ਗੇਟ ਦੇਰ ਰਾਤ ਤੱਕ ਖੁੱਲ੍ਹਾ ਸੀ। ਜ਼ਿਕਰਯੋਗ ਹੈ ਕਿ ਇਹ ਸੀਜ਼ਨ ਵਿੱਚ 8ਵੀਂ ਵਾਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ ਹਨ।

ਘੱਗਰ ਵਿੱਚ ਪਾਣੀ ਵਧਣ ਕਾਰਨ ਲੋਕਾਂ ਦੇ ਸਾਹ ਸੂਤੇ

Advertisement

ਡੇਰਾਬੱਸੀ (ਹਰਜੀਤ ਸਿੰਘ):ਹਲਕਾ ਡੇਰਾਬੱਸੀ ਦੇ ਲੋਕਾਂ ਲਈ ਘੱਗਰ ਖ਼ਤਰਾ ਬਣ ਗਿਆ ਹੈ। ਇਲਾਕੇ ਅਤੇ ਪਹਾੜਾਂ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਘੱਗਰ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਇਸ ਬਰਸਾਤਾਂ ਵਿੱਚ ਘੱਗਰ ਨਦੀ ਵਿੱਚ ਦੂਜੀ ਵਾਰ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗਿਆ ਹੈ ਜਿਸ ਕਾਰਨ ਇਲਾਕਾ ਵਾਸੀਆਂ ਵਿੱਚ ਦਹਿਸ਼ਤ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਘੱਗਰ ਵਿੱਚ ਅੱਜ ਤੜਕੇ ਪਾਣੀ ਦਾ ਪੱਧਰ ਸਾਢੇ ਅੱਠ ਫੁੱਟ ਤੱਕ ਪਹੁੰਚ ਗਿਆ ਸੀ ਜਦਕਿ ਇਸ ਦਾ ਕੁੱਲ ਪੱਧਰ 10 ਫੁੱਟ ਹੈ। ਇਸ ਦੌਰਾਨ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਪਰ ਜਿਵੇਂ ਹੀ ਦਿਨ ਚੜਿ੍ਹਆ ਅਤੇ ਘੱਗਰ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਅਤੇ ਸ਼ਾਮ ਤੱਕ ਪਾਣੀ ਦਾ ਪੱਧਰ ਕਾਫੀ ਘੱਟ ਗਿਆ। ਘੱਗਰ ਨਦੀ ਵਿੱਚ ਪਾਣੀ ਵਧ ਆਉਣ ਕਾਰਨ ਪਿੰਡ ਤ੍ਰਿਵੇਦੀ ਕੈਂਪ ਵਾਲੇ ਪਾਸੇ ਸਥਿਤ ਮਾਰਕੰਡਾ ਮੰਦਰ ਕੋਲ ਇਸ ਦਾ ਬੰਨ੍ਹ ਕਮਜ਼ੋਰ ਹੋ ਗਿਆ ਹੈ। ਇਸ ਨੂੰ ਲੈ ਕੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਲੋਕਾਂ ਨੇ ਆਪਣੇ ਪੱਧਰ ’ਤੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਛੇੜ ਦਿੱਤਾ ਹੈ। ਲੋਕਾਂ ਵੱਲੋਂ ਮਿੱਟੀ ਅਤੇ ਮਿੱਟੀ ਦੀ ਭਰੀ ਬੋਰੀਆਂ ਨੂੰ ਕਮਜ਼ੋਰ ਬੰਨ੍ਹ ਵਾਲੇ ਪਾਸੇ ਲਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਲੰਘੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਥਾਂ ਥਾਂ ਪਾਣੀ ਭਰ ਗਿਆ। ਮੁਬਾਰਕਪੁਰ ਘੱਗਰ ਨਦੀ ਵਿਖੇ ਉਸਾਰੇ ਕਾਜ਼ਵੇਅ ਤੋਂ ਪਾਣੀ ਉੱਪਰ ਹੋ ਕੇ ਲੰਘਣ ਲੱਗਾ ਜਿਸ ਕਾਰਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ ਰਾਹਗੀਰਾਂ ਲਈ ਬੰਦ ਕਰ ਦਿੱਤਾ ਗਿਆ। ਕਾਜ਼ਵੇਅ ਨੇੜੇ ਸਥਿਤ 100 ਦੇ ਕਰੀਬ ਝੁੱਗੀ ਝੋਪੜੀਆਂ ਮੁੜ ਤੋਂ ਪਾਣੀ ਵਿੱਚ ਡੁੱਬ ਗਈਆਂ ਜਿਨ੍ਹਾਂ ਵਿੱਚ ਰਹਿ ਰਹੇ ਲੋਕਾਂ ਨੂੰ ਨੇੜਲੀ ਸੁਰੱਖਿਅਤ ਥਾਂ ’ਤੇ ਸ਼ਿਫ਼ਟ ਕੀਤਾ ਗਿਆ।

ਮੀਂਹ ਕਾਰਨ ਪੰਚਕੂਲਾ ਤੇ ਮੋਰਨੀ ਦਾ ਪੁਲ ਟੁੱਟਿਆ

ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਵਿੱਚ 24 ਘੰਟੇ ਪੈ ਰਹੀ ਬਰਸਾਤ ਕਾਰਨ ਇੱਕ ਕਰੋੜ ਦੀ ਲਾਗਤ ਨਾਲ ਬਣਿਆ ਖਡੂਰੀ ਦਾ ਪੁਲ ਟੁੱਟ ਗਿਆ ਹੈ। ਇਸੇ ਤਰ੍ਹਾਂ ਮੋਰਨੀ ਵਿੱਚ ਵੀ ਇੱਕ ਪੁਲ ਟੁੱਟ ਗਿਆ ਹੈ। ਮੋਰਨੀ ਹਿੱਲ ਵਿੱਚ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾ ਰਹੀਆਂ ਹਨ। ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਮੋਰਨੀ ਬਲਾਕ, ਬਰਵਾਲਾ ਬਲਾਕ ਅਤੇ ਪਿੰਜੌਰ ਬਲਾਕ ਦੇ ਸਕੂਲਾਂ ਵਿੱਚ ਪ੍ਰਸ਼ਾਸਨ ਨੇ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ ਨੇ ਦੱਸਿਆ ਕਿ ਮੋਰਨੀ ਵਿੱਚ ਜਿੱਥੇ ਜਿੱਥੇ ਪਹਾੜਾਂ ਦਾ ਮਲਬਾ ਡਿੱਗਿਆ ਹੈ ਉੱਥੇ ਜੇਸੀਬੀ ਮਸ਼ੀਨਾਂ ਮਲਵਾ ਹਟਾਉਣ ਲਈ ਭੇਜ ਦਿੱਤੀਆਂ ਹਨ। ਭਾਰੀ ਬਰਸਾਤ ਕਾਰਨ ਘੱਗਰ ਨਦੀ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਲੱਡ ਕੰਟਰੋਲ ਰੂਮ ਬਣਾਇਆ ਗਿਆ ਹੈ ਅਤੇ ਜਿਸ ਦਾ ਨੰਬਰ 0172-2562135 ਹੈ।

Advertisement
Show comments