ਦੇਸ਼ ਦੇ ਸਿਖਰਲੇ 100 ਕਾਲਜਾਂ ’ਚ ਚੰਡੀਗੜ੍ਹ ਦੇ ਦੋ ਕਾਲਜ
ਕੇਂਦਰੀ ਸਿੱਖਿਆ ਮੰਤਰਾਲੇ ਨੇ ਅੱਜ ਦੇਸ਼ ਦੇ ਸਿਖਰਲੇ ਸੌ ਸੰਸਥਾਨਾਂ ਸਬੰਧੀ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐਨਆਈਆਰਐਫ) ਦੀ ਰੈਂਕਿੰਗ ਜਾਰੀ ਕੀਤੀ, ਜਿਸ ਵਿਚ ਚੰਡੀਗੜ੍ਹ ਦੇ ਦੋ ਕਾਲਜ ਸ਼ੁਮਾਰ ਹਨ। ਇਨ੍ਹਾਂ ਕਾਲਜਾਂ ਵਿਚ ਸਰਕਾਰੀ ਹੋਮ ਸਾਇੰਸ ਕਾਲਜ ਸੈਕਟਰ 10 ਤੇ ਜੀਜੀਡੀ ਐਸਡੀ ਕਾਲਜ ਸੈਕਟਰ 32 ਸ਼ਾਮਲ ਹੈ। ਇਹ ਰੈਂਕਿੰਗ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਜਾਰੀ ਕੀਤੀ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਇਕ ਸਰਕਾਰੀ ਤੇ ਇਕ ਪ੍ਰਾਈਵੇਟ ਕਾਲਜ ਨੇ ਬਿਹਤਰ ਰੈਂਕਿੰਗ ਹਾਸਲ ਕੀਤੀ ਹੈ। ਸਰਕਾਰੀ ਹੋਮ ਸਾਇੰਸ ਕਾਲਜ ਸੈਕਟਰ 10 ਦੇ 62.18 ਅੰਕ ਆਏ ਹਨ ਤੇ ਇਸ ਕਾਲਜ ਨੇ 35ਵਾਂ ਰੈਂਕ ਹਾਸਲ ਕੀਤਾ ਹੈ। ਇਹ ਲਗਾਤਾਰ ਸੱਤਵਾਂ ਸਾਲ ਹੈ ਤੇ ਇਹ ਕਾਲਜ ਸਿਖਰਲੇ ਸੌ ਸੰਸਥਾਨਾਂ ’ਚ ਸ਼ਾਮਲ ਰਿਹਾ ਹੈ। ਇਸੇ ਤਰ੍ਹਾਂ, ਗੋਸਵਾਮੀ ਗਣੇਸ਼ ਦੱਤਾ ਸਨਾਤਨ ਧਰਮ ਕਾਲਜ, ਸੈਕਟਰ 32 ਨੇ ਇੱਕ ਵਾਰ ਮੁੜ ਸਿਖਰਲੇ ਸੌ ਵਿਚ ਥਾਂ ਬਣਾਈ ਹੈ। ਇਸ ਕਾਲਜ ਨੂੰ 57.44 ਅੰਕ ਮਿਲੇ ਹਨ ਤੇ ਇਸ ਨੇ 70ਵਾਂ ਸਥਾਨ ਹਾਸਲ ਕੀਤਾ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਕਾਲਜ ਨੂੰ ਸਿਖਰਲੇ 100 ਵਿੱਚ ਰੱਖਿਆ ਗਿਆ ਹੈ। ਐੱਸਡੀ ਕਾਲਜ ਨੇ ਕਈ ਮਾਪਦੰਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਕਾਲਜ ਨੇ ਅਧਿਆਪਨ, ਸਿਖਲਾਈ ਅਤੇ ਸਰੋਤ ਵਿਚ (53.61), ਖੋਜ ਅਤੇ ਪੇਸ਼ੇਵਰ ਅਭਿਆਸ ਵਿਚ (35.95), ਗਰੈਜੂਏਸ਼ਨ ਨਤੀਜਿਆਂ ਵਿਚ (82.36), ਪਹੁੰਚ ਵਿਚ (73.99), ਅਤੇ ਪਰਸੈਂਪਸ਼ਨ ਵਿਚ (26.07) ਅੰਕ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਕਾਲਜਾਂ ਡੀਏਵੀ ਕਾਲਜ, ਸੈਕਟਰ 10 ਅਤੇ ਐਮਸੀਐਮ ਡੀਏਵੀ ਕਾਲਜ, ਸੈਕਟਰ 36 ਨੂੰ 101–200 ਕਾਲਜਾਂ ਦੇ ਵਰਗ ਵਿੱਚ ਰੱਖਿਆ ਗਿਆ ਹੈ ਜਦੋਂ ਕਿ ਪੀਜੀਜੀਸੀਜੀ-11 ਨੂੰ 201–300 ਕਾਲਜਾਂ ਦੇ ਵਰਗ ਵਿੱਚ ਰੱਖਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ਐਨਆਈਆਰਐਫ ਸੰਸਥਾਵਾਂ ਦਾ ਮੁਲਾਂਕਣ ਕਈ ਮਾਪਦੰਡਾਂ ਦੇ ਆਧਾਰ ’ਤੇ ਕਰਦਾ ਹੈ। ਇਸ ਸਾਲ ਦੇਸ਼ ਭਰ ਦੇ ਬਿਹਤਰੀਨ 4,030 ਕਾਲਜਾਂ ਦਾ ਮੁਲਾਂਕਣ ਕੀਤਾ ਗਿਆ ਜਿਸ ਵਿਚੋਂ ਚੰਡੀਗੜ੍ਹ ਦੇ ਕਾਲਜ ਸ਼ਾਮਲ ਹੋਏ ਹਨ।
ਚੰਡੀਗੜ੍ਹ ਦੇ ਸਿੱਖਿਆ ਸੰਸਥਾਨਾਂ ਦੀ ਪ੍ਰਾਪਤੀ ਅਹਿਮ: ਸਕੱਤਰ
ਯੂਟੀ ਦੀ ਸਿੱਖਿਆ ਸਕੱਤਰ ਪ੍ਰੇਰਨਾ ਪੁਰੀਅਤੇ ਡਾਇਰੈਕਟਰ ਉਚ ਸਿੱਖਿਆ ਰੁਬਿੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਐਨਆਈਆਰਐਫ ਵਿਚ ਮੋਹਰੀ ਸੌ ਵਿਚ ਆਉਣਾ ਚੰਡੀਗੜ੍ਹ ਲਈ ਮਾਣ ਵਾਲੀ ਗੱਲ ਹੈ ਤੇ ਇਹ ਪ੍ਰਾਪਤੀ ਅਹਿਮ ਹੈ। ਉਹ ਚੰਡੀਗੜ੍ਹ ਨੂੰ ਅਕਾਦਮਿਕ ਖੇਤਰ ਵਿਚ ਅੱਗੇ ਵਧਾਉਣ ਵਿੱਚ ਹੋਰ ਯੋਗਦਾਨ ਪਾਉਣਗੇ ਤੇ ਸਿੱਖਿਆ ਸੰਸਥਾਨਾਂ ਨੂੰ ਆਧੁਨਿਕ ਬਣਾਉਣ ’ਤੇ ਜ਼ੋਰ ਦੇਣਗੇ। ਜੀਜੀਡੀ ਐਸਡੀ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਨੇ ਲਗਾਤਾਰ ਦੂਜੀ ਵਾਰ ਸੌ ਵਿਚ ਥਾਂ ਬਣਾਈ ਹੈ ਤੇ ਕਾਲਜ ਸਿੱਖਿਆ ਨੂੰ ਹੋਰ ਬੁਲੰਦੀਆਂ ’ਤੇ ਲਿਜਾਣ ਲਈ ਵਚਨਬੱਧ ਹੈ।