ਪਟਿਆਲਾ-ਅੰਬਾਲਾ ਹਾਈਵੇਅ ’ਤੇ ਸ਼ੰਭੂ ਪਿੰਡ ਨੇੜਿਓਂ ਬਿਸ਼ਨੋਈ ਗਰੋਹ ਦੇ ਦੋ ਗੁਰਗੇ ਗ੍ਰਿਫ਼ਤਾਰ
ਲਾਰੈਂਸ ਬਿਸ਼ਨੋਈ ਗਰੋਹ ਦੇ ਦੋ ਗੁਰਗਿਆਂ ਨੂੰ ਪਟਿਆਲਾ-ਅੰਬਾਲਾ ਹਾਈਵੇਅ ’ਤੇ ਸ਼ੰਭੂ ਪਿੰਡ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲੀਸ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਵਾਂ ਗੁਰਗਿਆਂ ਖਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲੀਸ ਨੇ ਉਨ੍ਹਾਂ ਤੋਂ 9 ਐਮਐਮ ਗਲੌਕ ਪਿਸਤੌਲ ਅਤੇ ਛੇ ਕਾਰਤੂਸ ਬਰਾਮਦ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ‘ਐਕਸ’ ਉੱਤੇ ਇਕ ਪੋਸਟ ਵਿਚ ਕਿਹਾ, ‘‘ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਪੰਜਾਬ ਨੇ ਸ਼ੰਭੂ ਪਿੰਡ ਨੇੜੇ ਪਟਿਆਲਾ-ਅੰਬਾਲਾ ਹਾਈਵੇਅ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਮੋਸਟ ਵਾਂਟਿਡ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।’’
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਕਤਲ ਕਰਨ ਤੋਂ ਬਾਅਦ ਨੇਪਾਲ ਭੱਜ ਗਏ ਸਨ ਅਤੇ ਵਿਦੇਸ਼ ਬੈਠੇ ਆਕਾਵਾਂ ਦੇ ਹੁਕਮਾਂ ’ਤੇ ਕਿਸੇ ‘ਵੱਡੇ ਅਪਰਾਧ’ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਪੰਜਾਬ ਵਾਪਸ ਆ ਗਏ ਸਨ।
ਉਨ੍ਹਾਂ ਕਿਹਾ, ‘‘ਦੋਵਾਂ ਮੁਲਜ਼ਮਾਂ ਦਾ ਲੰਮਾ ਅਪਰਾਧਿਕ ਇਤਿਹਾਸ ਹੈ ਅਤੇ ਉਨ੍ਹਾਂ ਵਿਰੁੱਧ ਪੰਜਾਬ, ਦਿੱਲੀ, ਰਾਜਸਥਾਨ ਅਤੇ ਗੁਜਰਾਤ ਸਮੇਤ ਵੱਖ-ਵੱਖ ਅਪਰਾਧਿਕ ਕਾਨੂੰਨਾਂ ਤਹਿਤ ਘਿਨਾਉਣੇ ਅਪਰਾਧਾਂ ਦੇ 15 ਤੋਂ ਵੱਧ ਕੇਸ ਦਰਜ ਹਨ।’’
ਡੀਜੀਪੀ ਨੇ ਕਿਹਾ ਕਿ ਉਹ ਫਾਜ਼ਿਲਕਾ ਵਿੱਚ ਭਾਰਤ ਰਤਨ ਉਰਫ਼ ਵਿੱਕੀ ਦੇ ਹਾਲ ਹੀ ਵਿੱਚ ਹੋਏ ਕਤਲ ਕੇਸ ਵਿੱਚ ਲੋੜੀਂਦੇ ਸਨ।