ਵਪਾਰੀ ਦੇ ਕਤਲ ਮਾਮਲੇ ’ਚ ਦੋ ਮੁਲਜ਼ਮ ਗ੍ਰਿਫ਼ਤਾਰ
ਸੋਹਾਣਾ ਪਿੰਡ ਵਿੱਚ ਗੱਡੀ ਦੀ ਸਾਈਡ ਨੂੰ ਲੈ ਕੇ ਹੋਏ ਝਗੜੇ ਵਿਚ ਇੱਕ 63 ਸਾਲਾ ਵਪਾਰੀ ਦੀ ਮੌਤ ਮਾਮਲੇ ’ਚ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐਸਪੀ ਮੁਹਾਲੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਹੱਤਿਆ ਦੇ ਮਾਮਲੇ ਵਿੱਚ ਹਰਨੂਰ ਸਿੰਘ ਨੂਰ ਅਤੇ ਧਰਮਪ੍ਰੀਤ ਸਿੰਘ ਪ੍ਰੀਤ ਦੋਵੇਂ ਵਾਸੀ ਸੈਕਟਰ 70 ਮੁਹਾਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ (63) ਵਾਸੀ ਪਿੰਡ ਸੋਹਾਣਾ ਵਜੋਂ ਹੋਈ ਹੈ। ਥਾਣਾ ਸੋਹਾਣਾ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਚਾਰ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਾਉਣ ਮਗਰੋਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਮ੍ਰਿਤਕ ਪਰਮਜੀਤ ਸਿੰਘ ਦੇ ਪੁੱਤਰ ਤਰਨਦੀਪ ਸਿੰਘ ਨੇ ਦੱਸਿਆ ਕਿ ਉਹ, ਉਸ ਦਾ ਛੋਟਾ ਭਰਾ ਪਰਵਿੰਦਰ ਸਿੰਘ ਅਤੇ ਪਿਤਾ ਪਰਮਜੀਤ ਸਿੰਘ ਪਿੰਡ ਧਨਾਸ ਤੋਂ ਸੈਕਿੰਡ ਹੈਂਡ ਗੱਡੀ ਖਰੀਦ ਕੇ ਲਿਆਏ ਸੀ। ਉਹ ਮਠਿਆਈ ਖਰੀਦ ਰਹੇ ਸੀ ਤਾਂ ਉਨ੍ਹਾਂ ਦੇ ਪਿੱਛੇ ਇੱਕ ਫ਼ਾਰਚੂਨਰ ਗੱਡੀ ਵਿਚ ਸਵਾਰ ਨੌਜਵਾਨ ਹਾਰਨ ਵਜਾ ਸੀ, ਜਦੋਂ ਉਹ ਗੱਡੀ ’ਤੇ ਘਰ ਆ ਰਹੇ ਸਨ ਤਾਂ ਪਿੱਛੋਂ ਫਾਰਚੂਨਰ ਵਿੱਚ ਸਵਾਰ ਨੌਜਵਾਨਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਉਸਦੇ ਪਿਤਾ ਪਰਮਜੀਤ ਸਿੰਘ ਉੱਤੇ ਤਲਵਾਰ ਦੇ ਵਾਰ ਹੋਣ ਕਾਰਨ ਹੋਰ ਮੈਂਬਰ ਵੀ ਛੁਡਾਉਣ ਲਈ ਆਏ ਤਾਂ ਹਮਲਵਰਾਂ ਨੇ ਉਨ੍ਹਾਂ ਨੂੰ ਵੀ ਸੱਟਾਂ ਮਾਰੀਆਂ। ਉਨ੍ਹਾਂ ਆਪਣੇ ਪਿਤਾ ਪਰਮਜੀਤ ਸਿੰਘ ਨੂੰ ਮੁਹਾਲੀ ਦੇ ਫੇਜ਼ ਛੇ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਪੁੱਤਰ ਅਨੁਸਾਰ ਸਬੰਧਤ ਨੌਜਵਾਨ ਸੋਹਾਣਾ ਵਿੱਚ ਹੀ ਵਿਟੇਜ਼ ਲੁੱਕ ਨਾਮੀਂ ਕੱਪੜੇ ਦੀ ਦੁਕਾਨ ਕਰਦੇ ਹਨ।