ਟਰਾਲੇ ਨੇ ਮੋਟਰਸਾਈਕਲ ਨੂੰ ਫੇਟ ਮਾਰੀ; ਇੱਕ ਨੌਜਵਾਨ ਹਲਾਕ, ਦੂਜਾ ਜ਼ਖਮੀ
ਭਰਤਗੜ੍ਹ ਨੇੜੇ ਖਣਨ ਸਮੱਗਰੀ ਦੇ ਭਰੇ ਤੇਜ਼ ਰਫ਼ਤਾਰ ਟਰਾਲੇ ਦੀ ਫ਼ੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰਨ ਕੁਮਾਰ ਪੁੱਤਰ ਬਲਵਿੰਦਰ ਸਿੰਘ ਵਾਸੀ ਅਬਲੋਵਾਲ ਕਲੋਨੀ ਪਟਿਆਲਾ ਵਜੋਂ ਹੋਈ ਹੈ।
ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੋਹਿਤ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਸੰਗਰੂਰ ਆਪਣੇ ਦੋਸਤ ਕਰਨ ਵਾਸੀ ਪਟਿਆਲਾ ਨਾਲ ਮੋਟਰਸਾਈਕਲ ’ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਰੂਪਨਗਰ ਵੱਲ ਜਾ ਰਿਹਾ ਸੀ। ਜਦੋਂ ਇਹ ਦੋਵੇਂ ਜਾਣੇ ਭਰਤਗੜ੍ਹ ਸਥਿਤ ਹਵੇਲੀ ਢਾਬੇ ਤੋਂ ਥੋੜ੍ਹਾ ਅੱਗੇ ਪਹੁੰਚੇ ਤਾਂ ਪਿੱਛੋਂ ਆ ਰਹੇ ਖਣਨ ਸਮੱਗਰੀ ਦੇ ਭਰੇ ਤੇਜ਼ ਰਫਤਾਰ ਟਰਾਲੇ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਜਿਸ ਦੌਰਾਨ ਦੋਵੇਂ ਨੌਜਵਾਨ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਸਰਕਾਰੀ ਹਸਪਤਾਲ ਰੂਪਨਗਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਕਰਨ ਨੂੰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਹਾਦਸੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।
