25 ਰੁਪਏ ’ਚ ਮਿਲੇਗਾ ਤਿਰੰਗਾ
ਅੰਬਾਲਾ: ਆਜ਼ਾਦੀ ਦਿਵਸ ਮੌਕੇ ਇਸ ਵਾਰ ਚਲਾਈ ਜਾ ਰਹੀ ‘ਹਰ ਘਰ ਤਿਰੰਗਾ’ ਮੁਹਿੰਮ ਲਈ ਡਾਕ ਵਿਭਾਗ ਨੇ ਤਿਆਰੀ ਖਿੱਚ ਲਈ ਹੈ। ਡਾਕ ਘਰ ਅੰਬਾਲਾ ਦੇ ਸੁਪਰਡੈਂਟ ਦਵਿੰਦਰ ਸਿੰਘ ਨੇ ਦੱਸਿਆ ਕਿ ਡਾਕ ਘਰਾਂ ਵਿੱਚ ਲੋਕਾਂ ਨੂੰ ਕੌਮੀ ਝੰਡਾ ਸਿਰਫ਼ 25 ਰੁਪਏ ਵਿੱਚ ਉਪਲੱਬਧ ਹੋਵੇਗਾ। ਉਨ੍ਹਾਂ ਦੱਸਿਆ ਕਿ ਅੰਬਾਲਾ ਡਿਵੀਜ਼ਨ ਵਿੱਚ 79 ਡਾਕ ਘਰ ਹਨ ਅਤੇ ਇਹ ਤਿਰੰਗਾ ਹਰ ਜਗ੍ਹਾ ਉਪਲੱਬਧ ਹੈ। ਜੋ ਲੋਕ ਤਿਰੰਗਾ ਆਨਲਾਈਨ ਆਰਡਰ ਕਰਨਾ ਚਾਹੁੰਦੇ ਹਨ, ਉਹ ਅਜਿਹਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਅੰਬਾਲਾ ਡਾਕ ਵਿਭਾਗ ਵੱਲੋਂ 8500 ਤੋਂ ਵੱਧ ਕੌਮੀ ਝੰਡੇ ਵੇਚੇ ਗਏ ਸਨ। -ਨਿੱਜੀ ਪੱਤਰ ਪ੍ਰੇਰਕ
ਨੌਜਵਾਨ ’ਤੇ ਹਮਲਾ
ਚੰਡੀਗੜ੍ਹ: ਇੱਥੋਂ ਦੇ ਧਨਾਸ ਇਲਾਕੇ ਵਿੱਚ ਲੰਘੀ ਰਾਤ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਹੈ। ਇਸ ਦੌਰਾਨ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਹੈ, ਜਿਸ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੀੜਤ ਦੀ ਪਛਾਣ ਯੋਗੇਸ਼ ਵਾਸੀ ਧਨਾਸ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਾਰੰਗਪੁਰ ਦੀ ਪੁਲੀਸ ਨੇ ਕਾਕ ਖਾਨ, ਪਵਨ ਤੇ ਹੋਰਨਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਹ ਕੇਸ ਯੋਗੇਸ਼ ਤੇ ਪਿੰਕਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। -ਟਨਸ
ਲੈਂਡ ਪੂਲਿੰਗ ਨੀਤੀ ਰੱਦ ਕਰਨ ਦੀ ਮੰਗ
ਐੱਸਏਐੱਸ ਨਗਰ (ਮੁਹਾਲੀ): ਸਯੁੰਕਤ ਕਿਸਾਨ ਮੋਰਚਾ ਗੈਰ-ਸਿਆਸੀ ਵੱਲੋਂ ਅੱਜ ਮੁਹਾਲੀ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪ ਕੇ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਨੀਤੀ ਕਾਰਪੋਰੇਟ ਪੱਖੀ ਅਤੇ ਕਿਸਾਨ ਵਿਰੋਧੀ ਹੈ। ਇਸ ਮੌਕੇ ਗੁਰਿੰਦਰ ਸਿੰਘ, ਦਲਜੀਤ ਸਿੰਘ ਫਾਟਵਾਂ, ਸੁਪਿੰਦਰ ਸਿੰਘ ਮੁੰਧੋ, ਜੱਗਾ ਸਿੰਘ ਮੁੰਧੋ, ਗੁਰਦੀਪ ਸਿੰਘ ਦੀਪਾ, ਗੁਰਪਾਲ ਸਿੰਘ, ਬਾਬਾ ਸਾਗਰ ਸਿੰਘ ਆਦਿ ਨੇ ਮੁੱਖ ਮੰਤਰੀ ਕੋਲੋਂ ਡਾ. ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਸਾਰੀਆਂ ਫ਼ਸਲਾਂ ਲਈ ਐੱਮਐੱਸਪੀ ਐਲਾਨਣ, ਖੇਤੀਬਾੜੀ ਸੈਕਟਰ, ਛੋਟੇ ਦੁਕਾਨਦਾਰਾਂ, ਡੇਅਰੀ ਸੈਕਟਰ, ਪੋਲਟਰੀ ਸੈਕਟਰ ਬਚਾਉਣ ਲਈ ਮੁਕਤ ਵਪਾਰ ਸਮਝੌਤਾ ਅਤੇ 2023 ਬਿਜਲੀ ਐਕਟ ਰੱਦ ਕਰਨ ਸਬੰਧੀ ਆਦਿ ਮਤੇ ਵਿਧਾਨ ਸਭਾ ਵਿਚ ਪਾ ਕੇ ਕੇਂਦਰ ਸਰਕਾਰ ਨੂੰ ਭੇਜਣ, ਕਿਸਾਨਾਂ ਦੀ ਕਰਜ਼ ਮੁਕਤੀ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਗਈ। -ਖੇਤਰੀ ਪ੍ਰਤੀਨਿਧ