ਮੀਂਹ ਕਾਰਨ ਟਰਾਈਸਿਟੀ ਜਲ-ਥਲ
ਰੱਖੜੀ ਵਾਲੇ ਦਿਨ ਮੀਂਹ ਕਾਰਨ ਕੁਝ ਸਮੇਂ ਵਿੱਚ ਹੀ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਜਲ-ਥਲ ਹੋ ਗਏ। ਇਸ ਦੌਰਾਨ ਤਿੰਨਾਂ ਸ਼ਹਿਰਾਂ ਵਿੱਚ ਕਈ ਥਾਵਾਂ ’ਤੇ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ ਹੈ ਜਿਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉੱਧਰ ਮੀਂਹ ਕਰਕੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਰਕੇ ਗਰਮੀ ਤੋਂ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਅੱਜ ਸ਼ਾਮ ਨੂੰ 5 ਵਜੇ ਦੇ ਕਰੀਬ ਮੀਂਹ ਭਾਰੀ ਮੀਂਹ ਪਿਆ। ਇਹ ਮੀਂਹ ਸਿਰਫ ਅੱਧਾ ਘੰਟਾ ਪਿਆ ਪਰ ਇਸ ਮੀਂਹ ਨੇ ਸ਼ਹਿਰ ਦੇ ਕੁਝ ਹਿੱਸਿਆਂ ਦੀਆਂ ਸ਼ਹਿਰ ਦੀਆਂ ਸੜਕਾਂ ਨੂੰ ਜਲ-ਥਲ ਕਰਕੇ ਰੱਖ ਦਿੱਤਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 24 ਘੰਟਿਆਂ ਦੌਰਾਨ 86 ਐੱਮਐੱਮ ਮੀਂਹ ਪਿਆ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤਾਪਮਾਨ ਵਿੱਚ 24 ਘੰਟਿਆਂ ਵਿੱਚ 2.7 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 2.4 ਡਿਗਰੀ ਸੈਲਸੀਅਲ ਘੱਟ ਹੈ। ਮੌਸਮ ਵਿਭਾਗ ਅਨੁਸਾਰ ਮੁਹਾਲੀ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 33.2 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਪੰਚਕੂਲਾ ਵਿੱਚ ਵੱਧ ਤੋਂ ਵੱਧ ਤਾਪਮਾਨ 32.7 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਪੰਚਕੂਲਾ ਵਿੱਚ ਅੱਜ 0.5 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਚੰਡੀਗੜ੍ਹ ਵਿੱਚ ਅਗਲੇ ਚਾਰ ਦਿਨ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਨਿਕਾਸੀ ਨਾ ਹੋਣ ਕਾਰਨ ਨਿਊ ਚੰਡੀਗੜ੍ਹ ’ਚ ਪਾਣੀ ਭਰਿਆ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਨਿਊ ਚੰਡੀਗੜ੍ਹ ਇਲਾਕੇ ਦੇ ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਉਂ ਇਲਾਕੇ ਵਿੱਚ ਅੱਜ ਤੇਜ਼ ਮੀਂਹ ਪਿਆ। ਪਿੰਡ ਸਿੱਸਵਾਂ, ਮੁੱਲਾਂਪੁਰ ਗਰੀਬਦਾਸ, ਨਾਡਾ, ਜੈਂਤੀ ਮਾਜਰੀ ਨਾਲ ਜੁੜਦੀਆਂ ਨਦੀਆਂ, ਨਾਲਿਆਂ ਵਿੱਚ ਪਹਾੜੀ ਖੇਤਰ ਵਿੱਚੋਂ ਭਾਰੀ ਪਾਣੀ ਆਇਆ ਜਿਸ ਨਾਲ ਉਕਤ ਪਿੰਡਾਂ ਦੀਆਂ ਨਦੀਆਂ ਪਾਣੀ ਨਾਲ ਭਰ ਗਈਆਂ। ਬਾਰਸ਼ ਦੇ ਪਾਣੀ ਨੇ ਨਵਾਂ ਗਰਾਉਂ ਨੇੜੇ ਸਿੰਘਾ ਦੇਵੀ ਕਲੋਨੀ ਨੂੰ ਜੋੜਦੇ ਅਧੂਰੇ ਪੁਲ ਦੇ ਇੱਕ ਪਾਸੇ ਪਾਈ ਹੋਈ ਮਿੱਟੀ ਨੂੰ ਖੋਰ ਦਿੱਤਾ ਤੇ ਰਸਤਾ ਬੰਦ ਹੋ ਗਿਆ। ਮੀਂਹ ਕਾਰਨ ਮੁੱਲਾਂਪੁਰ ਗਰੀਬਦਾਸ ਵਿਖੇ ਪੁਰਾਣੇ ਮਾਰਗ ਬੱਸ ਅੱਡੇ ਕੋਲੋਂ ਲੰਘਣਾ ਮੁਸ਼ਕਲ ਹੋ ਗਿਆ ਹੈ ਅਤੇ ਪਿੰਡ ਜੈਂਤੀ ਮਾਜਰੀ ਤੋਂ ਕਸੌਲੀ ਜਾਣ ਵਾਲੇ ਇਕਲੌਤੇ ਰਾਹ ਵਿੱਚ ਪੈਂਦੀਆਂ ਨਦੀਆਂ ਉਤੇ ਬਣਾਏ ਸਾਇਫਨਾਂ ’ਚ ਪਾਣੀ ਭਰ ਗਿਆ। ਤੀੜਾ-ਝਾਮਪੁਰ ਵਾਲੀ ਨਦੀ ਉਤੇ ਪੁਲ ਦੁਵੱਲੇ ਕੱਚੇ ਰਸਤੇ ਵਿੱਚ ਬਣੇ ਚਿੱਕੜ ਭਰ ਗਿਆ ਜਿਸ ਕਾਰਨ ਉਥੋਂ ਲੰਘਣ ਵੇਲੇ ਕਈ ਜਣੇ ਡਿੱਗ ਗਏ। ਪਿੰਡ ਮੁੱਲਾਂਪੁਰ ਗਰੀਬਦਾਸ ਤੇ ਨੇੜਲੇ ਿਪੰਡਾਂ ਦੀਆਂ ਸੜਕਾਂ ਦੇ ਟੋਇਆਂ ਵਿੱਚ ਮੀਂਹ ਦਾ ਪਾਣੀ ਖੜ੍ਹ ਗਿਆ। ਨਿਊ ਚੰਡੀਗੜ੍ਹ ਦੀ ੳਮੈਕਸ ਕੰਪਨੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਦਿਸ਼ਾ ਵੱਲ ਨਾ ਹੋਣ ਕਾਰਨ ਕੰਪਨੀ ਦੇ ਮੁੱਖ ਗੇਟ ਅੱਗੇ ਪਾਣੀ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਨਿਊ ਚੰਡੀਗੜ੍ਹ ਇਲਾਕੇ ਦੀਆਂ ਸੜਕਾਂ ਤੇ ਪੁਲੀਆਂ ਦੀ ਹਾਲਤ ਪਹਿਲ ਦੇ ਆਧਾਰ ਉਤੇ ਸੁਧਾਰੀ ਜਾਵੇ।
ਸੁਖਨਾ ਝੀਲ ਦੇ ਫਲੱਡ ਗੇਟ ਅੱਠ ਘੰਟਿਆਂ ਲਈ ਖੋਲ੍ਹੇ
ਚੰਡੀਗੜ੍ਹ ਤੇ ਨਾਲ ਲਗਦੇ ਪਹਾੜੀ ਇਲਾਕੇ ਵਿੱਚ ਮੀਂਹ ਪੈਣ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਲੰਘੀ ਰਾਤ ਨੂੰ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ, ਜਿਸ ਕਰਕੇ ਸ਼ੁੱਕਰਵਾਰ ਰਾਤ ਨੂੰ 7 ਵਜੇ ਦੇ ਕਰੀਬ ਸੁਖਨਾ ਝੀਲ ਦਾ ਇਕ ਫਲੱਡ ਗੇਟ ਦੂਜੀ ਵਾਰ ਖੋਲ੍ਹਿਆ ਗਿਆ। ਇਹ ਫਲੱਡ ਗੇਟ 8 ਘੰਟੇ ਬਾਅਦ ਸ਼ਨਿੱਚਰਵਾਰ ਤੜਕੇ 3 ਵਜੇ ਦੇ ਕਰੀਬ ਬੰਦ ਕੀਤਾ ਗਿਆ। ਇਸ ਸਮੇਂ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ 1162.20 ਫੁੱਟ ਦਰਜ ਕੀਤਾ ਗਿਆ ਜੋ ਕਿ ਖਤਰੇ ਦੇ ਨਿਸ਼ਾਨ ਦੇ ਨਜ਼ਦੀਕ ਹੈ। ਸੁਖਨਾ ਝੀਲ ਵਿੱਚ ਖਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ।
ਮੀਂਹ ਪੈਣ ਕਾਰਨ ਨਦੀਆਂ ’ਚ ਪਾਣੀ ਦਾ ਪੱਧਰ ਵਧਿਆ
ਪੰਚਕੂਲਾ (ਪੀਪੀ ਵਰਮਾ): ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਕਾਰਨ ਕਈ ਥਾਵਾਂ ‘ਤੇ ਨਦੀਆਂ ਅਤੇ ਨਾਲੇ ਪਾਣੀ ਨਾਲ ਭਰ ਗਏ ਹਨ, ਇਸ ਦੇ ਬਾਵਜੂਦ ਲੋਕ ਬੇਝਿਜਕ ਹੋ ਕੇ ਪਾਣੀ ਵਿੱਚ ਜਾ ਰਹੇ ਹਨ। ਕਈ ਲੋਕ ਇਨ੍ਹਾਂ ਨਦੀਆਂ ਵਿੱਚ ਦਾਖਲ ਹੋ ਕੇ ਨਹਾ ਰਹੇ ਸਨ ਅਤੇ ਕੱਪੜੇ ਧੋ ਰਹੇ ਸਨ। ਇਸ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤ ਮਨਾਹੀ ਅਤੇ ਇੱਥੇ ਚਿਤਾਵਨੀ ਬੋਰਡ ਲਗਾਉਣ ਦੇ ਬਾਵਜੂਦ, ਲੋਕਾਂ ਨੂੰ ਕੋਈ ਪਰਵਾਹ ਨਹੀਂ। ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਜਾਣ ਕਾਰਨ ਕਈ ਲੋਕਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਮਝਾਉਣ ਤੋਂ ਬਾਅਦ ਵੀ ਲੋਕ ਨਹੀਂ ਰੁਕਦੇ, ਉਲਟਾ ਲੜਾਈ ਸ਼ੁਰੂ ਕਰ ਦਿੰਦੇ ਹਨ। ਕੌਂਸਲਰ ਮਹੇਸ਼ ਸ਼ਰਮਾ ਟਿੰਕੂ ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ ਦੌਰਾਨ ਪੰਚਕੂਲਾ ਦੀਆਂ ਨਦੀਆਂ ਅਤੇ ਨਹਿਰਾਂ ਵਿੱਚ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਹੈ।