ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਂਹ ਮਗਰੋਂ ਟ੍ਰਾਈਸਿਟੀ ਜਲ-ਥਲ

ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ
ਐਤਵਾਰ ਨੂੰ ਪਏ ਮੀਂਹ ਮਗਰੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੜਕਾਂ ’ਤੇ ਭਰੇ ਪਾਣੀ ਵਿੱਚੋਂ ਲੰਘਦੇ ਵਾਹਨ ਚਾਲਕ। -ਫੋਟੋ: ਪਰਦੀਪ ਤਿਵਾੜੀ
Advertisement

ਚੰਡੀਗੜ੍ਹ ਟ੍ਰਾਈਸਿਟੀ ਵਿੱਚ ਅੱਜ ਸਵੇਰ ਤੋਂ ਪੈ ਰਹੇ ਮੀਂਹ ਨੇ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਨੂੰ ਜਲ-ਥਲ ਕਰ ਕੇ ਰੱਖ ਦਿੱਤਾ ਹੈ। ਇਸ ਦੌਰਾਨ ਤਿੰਨਾਂ ਸ਼ਹਿਰਾਂ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ ਦੇ ਨਾਲ ਲਗਦੇ ਇਲਾਕਿਆਂ ਵਿੱਚ ਵੀ ਪਾਣੀ ਭਰ ਗਿਆ ਹੈ। ਇਨ੍ਹਾਂ ਇਲਾਕਿਆਂ ਦੀਆਂ ਸੜਕਾਂ ’ਤੇ ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਵਾਹਨ ਚਲਾਉਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸਵੇਰੇ 9.30 ਵਜੇ ਦੇ ਕਰੀਬ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ, ਜੋ ਕਿ ਦੁਪਹਿਰ ਢਾਈ ਵਜੇ ਤੱਕ ਪੈਂਦਾ ਰਿਹਾ ਹੈ। ਇਸ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪਾਣੀ ਭਰ ਹੋ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਇੰਡਸਟਰੀਅਲ ਏਰੀਆ ਵਿੱਚੋਂ ਲੰਘਦੇ ਅੰਡਰਪਾਸ ਅਤੇ ਸੈਕਟਰ-11 ਤੇ 15 ਵਾਲੇ ਅੰਡਰਪਾਸ ਵਿੱਚ ਵੀ ਪਾਣੀ ਭਰ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਪਿੰਡਾਂ ਅਤੇ ਕਲੋਨੀਆਂ ਵਿੱਚ ਵੀ ਪਾਣੀ ਭਰ ਗਿਆ, ਜਿਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਦੂਜੇ ਪਾਸੇ ਸੁਖਨਾ ਝੀਲ ਅਤੇ ਰੌਕ ਗਾਰਡਨ ’ਤੇ ਸਾਰਾ ਦਿਨ ਸੈਲਾਨੀਆਂ ਦੀ ਭੀੜ ਲੱਗੀ ਰਹੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਅੱਜ 40.3 ਐੱਮਐੱਮ ਮੀਂਹ ਪਿਆ ਹੈ। ਜਦੋਂ ਕਿ ਮੁਹਾਲੀ ਵਿੱਚ 29.5 ਐੱਮਐੱਮ ਅਤੇ ਪੰਚਕੂਲਾ ਵਿੱਚ 19 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਚੰਡੀਗੜ੍ਹ ਵਿੱਚ ਅਗਲੇ ਤਿੰਨ ਦਿਨ ਰੁੱਕ-ਰੁੱਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਸੁਖਨਾ ਝੀਲ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਨੇੜੇ

Advertisement

ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਮੁੜ ਖਤਰੇ ਦੇ ਨਿਸ਼ਾਨ ਦੇ ਨਜ਼ਦੀਕ ਪਹੁੰਚ ਗਿਆ ਹੈ। ਅੱਜ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ 1162.40 ਫੁੱਟ ਦਰਜ ਕੀਤਾ ਗਿਆ ਹੈ, ਜਦੋਂ ਕਿ ਖਤਰੇ ਦਾ ਨਿਸ਼ਾਨ 1163 ਫੁੱਟ ’ਤੇ ਹਨ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਝੀਲ ਵਿੱਚ ਪਾਣੀ ਵਧਣ ’ਤੇ ਮੁੜ ਤੋਂ ਫਲੱਡ ਗੇਟ ਖੋਲ੍ਹ ਦਿੱਤੇ ਜਾਣਗੇ। ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਨਾਲ ਲਗਦੇ ਜ਼ੀਰਕਪੁਰ, ਮੁਹਾਲੀ, ਡੇਰਾਬੱਸੀ ਦੇ ਇਲਾਕਿਆਂ ਵਿੱਚ ਵੀ ਸਹਿਮ ਦਾ ਮਾਹੌਲ ਬਣ ਗਿਆ ਹੈ, ਕਿਉਂਕਿ ਸੁਖਨਾ ਝੀਲ ਦਾ ਪਾਣੀ ਘੱਗਰ ਨਦੀ ਵਿੱਚ ਜਾਂਦਾ ਹੈ, ਜੋ ਕਿ ਅੱਗੇ ਮੁਹਾਲੀ, ਪਟਿਆਲਾ, ਸੰਗਰੂਰ ਤੇ ਡੇਰਾਬੱਸੀ ਇਲਾਕੇ ਤੱਕ ਪਹੁੰਚਦਾ ਹੈ। ਦੱਸਣਯੋਗ ਹੈ ਕਿ ਇਸ ਵਰ੍ਹੇ ਸੁਖਨਾ ਝੀਲ ਵਿੱਚ ਵਾਰ-ਵਾਰ ਪਾਣੀ ਦਾ ਪੱਧਰ ਵਧਣ ਕਰਕੇ 7 ਵਾਰ ਝੀਲ ਦੇ ਫਲੱਟ ਗੇਟ ਖੋਲ੍ਹੇ ਗਏ ਹਨ। ਇਸ ਦੌਰਾਨ 5 ਵਾਰ ਇਕ ਫਲੱਡ ਗੇਟ ਅਤੇ ਦੋ ਵਾਰ ਦੋ ਫਲੱਡ ਗੇਟ ਖੋਲ੍ਹੇ ਗਏ ਸਨ।

ਚੰਡੀਗੜ੍ਹ ਵਿੱਚ ਅਗਸਤ ਮਹੀਨੇ ’ਚ ਆਮ ਨਾਲੋਂ 8 ਫ਼ੀਸਦ ਵੱਧ ਪਿਆ ਮੀਂਹ

ਚੰਡੀਗੜ੍ਹ ਵਿੱਚ ਇਸ ਵਰ੍ਹੇ ਅਗਸਤ ਮਹੀਨੇ ਦੌਰਾਨ ਆਮ ਨਾਲੋਂ 8 ਫ਼ੀਸਦ ਵੱਧ ਮੀਂਹ ਪਿਆ ਹੈ। ਇਸ ਵਾਰ ਅਗਸਤ ਮਹੀਨੇ ਦੌਰਾਨ ਚੰਡੀਗੜ੍ਹ ਵਿੱਚ 308.5 ਐੱਮਐੱਮ ਮੀਂਹ ਪਿਆ ਹੈ, ਜਦੋਂ ਕਿ ਆਮ ਤੌਰ ’ਤੇ 284.8 ਐੱਮਐੱਮ ਮੀਂਹ ਪੈਂਦਾ ਹੈ। ਹਾਲਾਂਕਿ ਪਿਛਲੇ ਸਾਲ ਚੰਡੀਗੜ੍ਹ ਵਿੱਚ ਅਗਸਤ ਮਹੀਨੇ ਦੌਰਾਨ ਆਮ ਨਾਲੋਂ 23 ਫ਼ੀਸਦ ਵੱਧ 351.6 ਐੱਮਐੱਮ ਪਿਆ ਸੀ।

ਮੋਰਨੀ ਵਿੱਚ ਕਈ ਥਾਈਂ ਪਹਾੜਾਂ ਦਾ ਮਲਬਾ ਡਿੱਗਿਆ

ਪੰਚਕੂਲਾ(ਪੀ.ਪੀ. ਵਰਮਾ): ਪੰਚਕੂਲਾ ਵਿੱਚ ਅੱਜ ਸਵੇਰ ਤੋਂ ਪੈ ਰਹੀ ਭਾਰੀ ਬਰਸਾਤ ਨੇ ਤਬਾਹੀ ਮਚਾਈ ਹੋਈ ਹੈ। ਥਾਂ-ਥਾਂ ਤੇ ਚੌਕਾਂ ਉੱਤੇ ਪਾਣੀ ਭਰ ਗਿਆ। ਸੈਕਟਰ-20 ਦੀਆਂ ਹਾਊਸਿੰਗ ਸੁਸਾਇਟੀਆਂ ਦੇ ਬਾਹਰ ਪਾਣੀ ਨਹਿਰਾਂ ਵਾਂਗ ਚੱਲਿਆ। ਮੋਰਨੀ ਵਿੱਚ ਅੱਜ ਕਈ ਥਾਂਵਾਂ ਉੱਤੇ ਪਹਾੜਾਂ ਦਾ ਮਲਬਾ ਸੜਕਾਂ ਉੱਤੇ ਡਿੱਗਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ। ਮੋਰਨੀ ਦੀ ਦੂਧਗੜ੍ਹ ਪੰਚਾਇਤ ਨੂੰ ਜ਼ਿਲ੍ਹਾ ਹੈੱਡਕੁਆਰਟਰ ਮੁੱਖ ਮਾਰਗ ਕਈ ਥਾਂਵਾਂ ਤੋਂ ਮਲਬੇ ਦੀ ਝਪੇਟ ਵਿੱਚ ਆ ਗਿਆ। ਮੋਰਨੀ ਪੰਚਕੂਲਾ ਮੁੱਖ ਮਾਰਗ ਕਈ ਥਾਂਵਾਂ ਤੋਂ ਬਰਸਾਤ ਕਾਰਨ ਧੱਸ ਗਿਆ। ਬਰਸਾਤ ਕਾਰਨ ਪੰਚਕੂਲਾਂ ਦੀਆਂ ਮਾਰਕੀਟਾਂ ਅੱਜ ਬੇਰੌਣਕ ਰਹੀਆਂ। ਇਸੇ ਤਰ੍ਹਾਂ ਪੰਚਕੂਲਾ ਵਿੱਚ ਕਈ ਥਾਂਵਾਂ ਉੱਤੇ ਦਰੱਖਤ ਟੁੱਟ ਕੇ ਸੜਕਾਂ ਉੱਤੇ ਡਿੱਗ ਗਏ। ਪਾਣੀ ਕਾਰਨ ਸੜਕਾਂ ਉੱਤੇ ਵੱਡੇ ਵੱਡੇ ਟੋਏ ਬਣ ਗਏ। ਹਾਸੂਸਿੰਗ ਸੁਸਾਇਟੀਆਂ ਦੀਆਂ ਲਿਫਟਾਂ ਵਿੱਚ ਪਾਣੀ ਭਰ ਗਿਆ। ਕੁਸ਼ੱਲਿਆ ਡੈਮ ਦਾ ਪਾਣੀ ਅਤੇ ਘੱਗਰ ਨਦੀ ਦਾ ਪਾਣੀ ਖਤਰੇ ਦੇ ਨਿਸ਼ਾਨ ’ਤੇ ਵਹਿ ਰਿਹਾ ਹੈ। ਇਸ ਕਾਰਨ ਪ੍ਰਸ਼ਾਸਨ ਨੇ ਘੱਗਰ ਅਤੇ ਕੁਸ਼ੱਲਿਆ ਡੈਮ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਰਸਾਤ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਹੋਇਆ ਹੈ, ਜਦਕਿ ਘੱਗਰ ਦਰਿਆ ਵਿੱਚ ਬੱਚੇ ਨਹਾ ਰਹੇ ਹਨ ਅਤੇ ਕਈ ਲੋਕ ਆਪਣੇ ਵਾਹਨਾਂ ਧੋ ਰਹੇ ਸਨ।

Advertisement
Show comments