ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਂਹ ਕਾਰਨ ਟ੍ਰਾਈਸਿਟੀ ਦੀਆਂ ਸੜਕਾਂ ਜਲ-ਥਲ

10ਵੀਂ ਵਾਰ ਖੋਲ੍ਹੇ ਸੁਖਨਾ ਝੀਲ ਦੇ ਫਲੱਡ ਗੇਟ; ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ
ਸ਼ਨਿਚਰਵਾਰ ਨੂੰ ਚੰਡੀਗੜ੍ਹ ’ਚ ਮੀਂਹ ਮਗਰੋਂ ਸੜਕ ’ਤੇ ਭਰੇ ਪਾਣੀ ’ਚੋਂ ਲੰਘਦੇ ਹੋਏ ਵਾਹਨ। -ਫੋਟੋ: ਰਵੀ ਕੁਮਾਰ
Advertisement

ਚੰਡੀਗੜ੍ਹ ਟ੍ਰਾਈਸਿਟੀ ਵਿੱਚ ਅੱਜ ਦੁਪਹਿਰ ਸਮੇਂ ਪਏ ਭਾਰੀ ਮੀਂਹ ਨੇ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਨੂੰ ਜਲ-ਥਲ ਕਰਕੇ ਰੱਖ ਦਿੱਤਾ ਹੈ। ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੌਰਾਨ ਮੀਂਹ ਨੇ ਆਮ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ 9.3 ਐੱਮਐੱਮ, ਮੁਹਾਲੀ ਵਿੱਚ 17.5 ਐੱਮਐੱਮ ਅਤੇ ਪੰਚਕੂਲਾ ਵਿੱਚ ਹਲਕਾ ਮੀਂਹ ਪਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਚੰਡੀਗੜ੍ਹ ਵਿੱਚ ਅਗਲੇ ਤਿੰਨ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਉੱਧਰ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਮੀਂਹ ਪੈਣ ਕਾਰਨ ਸੁਖਨਾ ਝੀਲ ਵਿੱਚ ਪਾਣੀ ਵਧਣਾ ਸ਼ੁਰੂ ਹੋ ਗਿਆ ਹੈ। ਪਾਣੀ ਨੂੂੰ ਵੱਧਦਾ ਦੇਖਦਿਆਂ ਯੂਟੀ ਪ੍ਰਸ਼ਾਸਨ ਨੇ ਝੀਲ ਦਾ ਇਕ ਫਲੱਡ ਗੇਟ ਤਿੰਨ ਇੰਚ ਲਈ ਖੋਲ੍ਹ ਦਿੱਤਾ, ਜਿਸ ਨੂੰ ਤਿੰਨ ਘੰਟੇ ਬਾਅਦ ਬੰਦ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਨਾ ਝੀਲ ਵਿੱਚ ਖਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ, ਅੱਜ ਦੁਪਹਿਰ ਸਮੇਂ ਪਾਣੀ 1162.50 ਫੁੱਟ ’ਤੇ ਪਹੁੰਚ ਗਿਆ। ਪ੍ਰਸ਼ਾਸਨ ਨੇ ਪਾਣੀ ਵਧਣ ’ਤੇ ਇਕਦਮ ਫਲੱਡ ਗੇਟ ਖੋਲ੍ਹ ਦਿੱਤਾ, ਹਾਲਾਂਕਿ ਮੀਂਹ ਬਹੁਤਾ ਨਾ ਪੈਂਦਾ ਦੇਖਦੇ ਹੋਏ ਫਲੱਡ ਗੇਟ ਬੰਦ ਕਰ ਦਿੱਤਾ ਹੈ। ਅੱਜ ਸੁਖਨਾ ਝੀਲ ਦਾ ਫਲੱਡ ਗੇਟ ਸੀਜ਼ਨ ਵਿੱਚ 10ਵੀਂ ਵਾਰ ਖੋਲ੍ਹਿਆ ਗਿਆ ਹੈ। ਇਹ ਵੀ ਇਕ ਰਿਕਾਰਡ ਹੈ ਕਿ ਇਕ ਸੀਜ਼ਨ ਵਿੱਚ ਝੀਲ ਦੇ 10 ਵਾਰ ਫਲੱਡ ਗੇਟ ਖੋਲ੍ਹੇ ਗਏ ਹਨ। ਇਸ ਤੋਂ ਪਹਿਲਾਂ ਸੁਖਨਾ ਝੀਲ ਦੇ ਫਲੱਡ ਗੇਟ 7 ਤੋਂ 8 ਵਾਰ ਹੀ ਖੋਲ੍ਹੇ ਗਏ ਹਨ, ਪਰ ਇਸ ਵਾਰ ਵਾਧੂ ਮੀਂਹ ਪੈਣ ਕਰਕੇ ਝੀਲ ਦੇ 10ਵੀਂ ਵਾਰ ਫਲੱਡ ਗੇਟ ਖੋਲ੍ਹੇ ਗਏ ਹਨ।

ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣ ਦੀ ਜਾਣਕਾਰੀ ਮਿਲਦੇ ਹੀ ਘੱਗਰ ਕੰਢੇ ਰਹਿਣ ਵਾਲੇ ਲੋਕਾਂ ਦੇ ਸਾਹ ਸੂਤੇ ਗਏ ਕਿਉਂਕਿ ਘੱਗਰ ਨਦੀ ਵਿੱਚ ਪਿਛਲੇ ਕਈ ਦਿਨਾਂ ਤੋਂ ਪਾਣੀ ਵੱਧ ਰਿਹਾ ਹੈ ਪਰ ਜਿਵੇਂ ਹੀ ਲੋਕਾਂ ਨੂੰ ਫਲੱਡ ਗੇਟ ਬੰਦ ਕਰਨ ਦੀ ਜਾਣਕਾਰੀ ਮਿਲੀ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ। ਸ਼ਹਿਰ ਵਿੱਚ ਅੱਜ ਮੀਂਹ ਪੈਣ ਕਰਕੇ ਸੈਕਟਰ-11/15 ਵਾਲੇ ਅਤੇ ਇੰਡਸਟਰੀਅਲ ਏਰੀਆ ਵਿੱਚ ਸਥਿਤ ਅੰਡਰਪਾਸ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਟਰੈਫਿਕ ਪੁਲੀਸ ਵੱਲੋਂ ਕੁਝ ਦੇਰ ਲਈ ਅੰਡਰਪਾਸ ਨੂੰ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਕਈ ਮੁੱਖ ਚੌਕਾਂ ਅਤੇ ਸੜਕਾਂ ’ਤੇ ਵੀ ਪਾਣੀ ਭਰ ਗਿਆ।

Advertisement

Advertisement
Show comments