ਟ੍ਰਿਬਿਊਨ ਸਕੂਲ ਦੇ ਸਾਲਾਨਾ ਸਮਾਗਮ ’ਚ ਸਮਾਜ ਨੂੰ ਗਿਆਨ ਨਾਲ ਰੁਸ਼ਨਾਉਣ ਦਾ ਸੁਨੇਹਾ
ਇੱਥੋਂ ਦੇ ‘ਦਿ ਟ੍ਰਿਬਿਊਨ ਸਕੂਲ’ ਦਾ ਸਾਲਾਨਾ ਸਮਾਗਮ ਅੱਜ ਟੈਗੋਰ ਥੀਏਟਰ ਸੈਕਟਰ-18 ਵਿਚ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਵੱਖ ਵੱਖ ਪੇਸ਼ਕਾਰੀਆਂ ਰਾਹੀਂ ਸਮਾਜ ਨੂੰ ਗਿਆਨ ਨਾਲ ਰੁਸ਼ਨਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਤਰੱਕੀ ਸਿਰਫ ਏਕਤਾ ਤੇ ਪਿਆਰ ਨਾਲ ਹੀ ਸੰਭਵ ਹੈ। ਇਸ ਮੌਕੇ ਵਿਦਿਆਰਥੀਆਂ ਨੇ ਸਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਤੇ ਯੋਗ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਦਿ ਟ੍ਰਿਬਿਊਨ ਟਰੱਸਟ ਦੇ ਟਰੱਸਟੀ ਤੇ ਅਲਾਹਾਬਾਦ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਐੱਸ ਐੱਸ ਸੋਢੀ ਨੇ ਹਾਜ਼ਰੀ ਭਰੀ। ਇਸ ਮੌਕੇ ਬੋਨੀ ਸੋਢੀ ਵੀ ਮੌਜੂਦ ਸਨ। ਇਸ ਦੌਰਾਨ ਟ੍ਰਿਬਿਊਨ ਟਰੱਸਟ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ, ‘ਦੈਨਿਕ ਟ੍ਰਿਬਿਊਨ’ ਦੇ ਸੰਪਾਦਕ ਨਰੇਸ਼ ਕੌਸ਼ਲ, ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਅਰਵਿੰਦਰ ਕੌਰ ਜੌਹਲ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਚਾਂਦ ਨਹਿਰੂ, ਕੋਮਲ ਆਨੰਦ, ਅਨੁਰਾਧਾ ਦੁਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਵਿਦਿਆਰਥੀਆਂ ਨੇ ਤਮਸੋ ਮਾਂ ਜਯੋਤਿਰਗਾਮਿਆ ਦੀ ਪੇਸ਼ਕਾਰੀ ਦਿੱਤੀ।
ਸਕੂਲ ਦੇ ਸਾਲਾਨਾ ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਰਾਣੀ ਪੋਦਾਰ ਦੇ ਭਾਸ਼ਣ ਨਾਲ ਹੋਈ। ਉਨ੍ਹਾਂ ਸਕੂਲ ਦੀਆਂ ਵਿਦਿਅਕ ਤੇ ਹੋਰ ਖੇਤਰਾਂ ਵਿਚ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ।
ਇਸ ਦੌਰਾਨ ਵਿਦਿਆਰਥੀਆਂ ਨੇ ਯੋਗ ਦੀ ਪੇਸ਼ਕਾਰੀ ਨਾਲ ਯੋਗ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਕਿਵੇਂ ਯੋਗ ਨਾਲ ਮਨ ਸ਼ਾਂਤ ਹੁੰਦਾ ਹੈ ਤੇ ਸਰੀਰ ਹਲਕਾ ਹੋ ਜਾਂਦਾ ਹੈ। ਇਸ ਦੌਰਾਨ ਦੱਸਿਆ ਗਿਆ ਕਿ ਯੋਗ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਯਕਸ਼ਗਨਾਂ ਦੇ ਰੂਪ ਵਿੱਚ ਸਜੇ ਕਥਾਵਾਚਕਾਂ ਨੇ ਕਹਾਣੀਆਂ ਸੁਣਾਈਆਂ ਤੇ ਨਾਟਕ ਖੇਡੇ। ਵਿਦਿਆਰਥੀਆਂ ਨੇ ਭਰਤਨਾਟਿਅਮ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਤੇ ਭਗਵਾਨ ਕ੍ਰਿਸ਼ਨ ਦੇ ਬ੍ਰਹਮ ਤੱਤ ਅਤੇ ਸਿੱਖਿਆਵਾਂ ਬਾਰੇ ਦੱਸਿਆ। ਇਸ ਦੌਰਾਨ ਵਿਸ਼ਵਵਿਆਪੀ ਭਾਈਚਾਰੇ ਅਤੇ ਹਮਦਰਦੀ ਬਾਰੇ ਮਾਈਮ ਐਕਟ ਪੇਸ਼ ਕੀਤਾ ਗਿਆ।
