ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਦੋ ਦਿਨਾ ਆਲ ਇੰਡੀਆ ਮੀਡੀਆ ਮੀਟ ਅੱਜ ਤੋਂ
ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਵੱਲੋਂ ਚੰਡੀਗੜ੍ਹ ਵਿਖੇ ਕਨਫੈਡਰੇਸ਼ਨ ਆਫ਼ ਨਿਊਜ਼ ਪੇਪਰ ਅਤੇ ਨਿਊਜ਼ ਏਜੰਸੀਜ਼ ਐਂਪਲਾਈਜ਼ ਐਸੋਸੀਏਸ਼ਨ ਦੀ ਆਲ ਇੰਡੀਆ ਮੀਡੀਆ ਮੀਟ 14 ਤੇ 15 ਦਸੰਬਰ ਨੂੰ ਕਰਵਾਈ ਜਾ ਰਹੀ ਹੈ। ਇਸ ਵਿੱਚ ‘ਪ੍ਰਿੰਟ ਮੀਡੀਆ ਹਮੇਸ਼ਾ ਢੁੱਕਵਾਂ ਕਿਉਂ ਰਹੇਗਾ’ ਵਿਸ਼ੇ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਸਮਾਗਮ ਦਾ ਉਦਘਾਟਨ 14 ਦਸੰਬਰ ਨੂੰ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕਰਨਗੇ ਜਦਕਿ 15 ਦਸੰਬਰ ਨੂੰ ਬਾਅਦ ਦੁਪਹਿਰ ਮੀਡੀਆ ਮੀਟ ਦੇ ਸਮਾਪਤੀ ਸਮਾਰੋਹ ਵਿੱਚ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਮੀਡੀਆ ਮੀਟ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਹਰਿਆਣਾ ਦੇ ਕੈਬਨਿਟ ਮੰਤਰੀ ਆਰਤੀ ਸਿੰਘ ਰਾਓ, ਵਿਪੁਲ ਗੋਇਲ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਸਾਬਕਾ ਜੱਜ ਜਸਟਿਸ ਐੱਸ ਐਸ ਸਾਰੋਂ, ਲਾਫਟੀਨੈਂਟ ਜਨਰਲ ਕੇ ਜੇ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੇਤਲੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ। ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੁਪਤਾ ਅਤੇ ਜਨਰਲ ਸਕੱਤਰ ਰੁੱਚਿਕਾ ਐਮ ਖੰਨਾ ਨੇ ਕਿਹਾ ਕਿ ਸਮੇਂ ਦੇ ਨਾਲ-ਨਾਲ ਡਿਜੀਟਲ ਮੀਡੀਆ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਪਰ ਪ੍ਰਿੰਟ ਮੀਡੀਆ ਦੀ ਭਰੋਸੇਯੋਗਤਾ ਹਾਲੇ ਵੀ ਬਰਕਰਾਰ ਹੈ। ਇਸ ਲਈ ਦੋ ਰੋਜ਼ਾ ਮੀਡੀਆ ਮੀਟ ਵਿੱਚ ਦੇਸ਼ ਭਰ ਤੋਂ ਮੀਡੀਆ ਅਦਾਰਿਆਂ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਹਿੱਸਾ ਲੈਣਗੇ, ਜਿੱਥੇ ਅਖ਼ਬਾਰਾਂ ਤੇ ਨਿਊਜ਼ ਏਜੰਸੀਆਂ ਵਿੱਚ ਕੰਮ ਕਰਨ ਵਾਲੇ ਪੱਤਰਕਾਰ ਅਤੇ ਗੈਰ ਪੱਤਰਕਾਰ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਲਈ ਚਰਚਾ ਕੀਤੀ ਜਾਵੇਗੀ।
